ਸੰਗਤ ਮੰਡੀ, 19 ਜੂਨ (ਸੁਖਤੇਜ ਧਾਲੀਵਾਲ)-ਜੇਕਰ ਕਿਸੇ ਵਿਦਿਆਰਥੀ ਨੂੰ ਜਾਨਵਰਾਂ ਨਾਲ ਪਿਆਰ ਤੇ ਉਨ੍ਹਾਂ ਦੀ ਦੇਖਭਾਲ ਕਰਨੀ ਚੰਗੀ ਲੱਗਦੀ ਹੈ ਤਾਂ ਵੈਟਰਨਰੀ ਫੀਲਡ ਉਨ੍ਹਾਂ ਲਈ ਇਕ ਸ਼ਾਨਦਾਰ ਕਰੀਅਰ ਬਣਾ ਸਕਦਾ ਹੈ। ਅੱਜ ਕੱਲ ਪਾਲਤੂ ਜਾਨਵਰਾਂ ਦੀ ਸੰਖਿਆਂ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਇਸ ਦੇ ਨਾਲ ਨਾਲ ਡੇਅਰੀ ਤੇ ਪੋਲਟਰੀ ਸੈਕਟਰ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ, ਪਰ ਫਿਰ ਵੀ ਵੈਟਰਨਰੀ ਡਾਕਟਰਾਂ ਦੀ ਬਹੁਤ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਵੈਟਰਨਰੀ ਫੀਲਡ ਨਾ ਸਿਰਫ ਇਕ ਵਧੀਆ ਨੌਕਰੀ ਦਾ ਮੌਕਾ ਦਿੰਦਾ ਹੈ ਸਗੋਂ ਇਹ ਇਕ ਵੱਖਰੀ ਪਹਿਚਾਣ ਬਣਾਉਣ ਦਾ ਵੀ ਬਹੁਤ ਵਧੀਆ ਮੌਕਾ ਦਿੰਦਾ ਹੈ। ਪ੍ਰਿੰਸੀਪਲ ਡਾ. ਬਿਮਲ ਸ਼ਰਮਾ ਨੇ ਦੱਸਿਆ ਕਿ ਵੈਟਰਨਰੀ ਡਾਕਟਰ ਬਣਨ ਲਈ ਬੀ. ਵੀ. ਐਸ. ਸੀ. ਐਂਡ ਏ. ਐਚ. ਬੈਚੂਲਰ ਆਫ ਵੈਟਰਨਰੀ ਸਾਇੰਸ ਤੇ ਐਨੀਮਲ ਹਸਬੈਂਡਰੀ ਦਾ ਕੋਰਸ ਕਰਨਾ ਜ਼ਰੂਰੀ ਹੁੰਦਾ ਹੈ। ਇਸ ਕੋਰਸ ਵਿਚ ਜਾਨਵਰਾਂ ਦੀਆਂ ਬਿਮਾਰੀਆਂ, ਸਰਜਰੀ ਤੇ ਡੇਅਰੀ ਨਾਲ ਸੰਬੰਧਤ ਪੜ੍ਹਾਈ ਕਰਵਾਈ ਜਾਂਦੀ ਹੈ। ਵੈਟਰਨਰੀ ਕੌਂਸਲ ਆਫ ਇੰਡੀਆ ਦੇ ਅਨੁਸਾਰ ਇਹ ਕੋਰਸ ਪੰਜ ਸਾਲ ਛੇ ਮਹੀਨੇ ਦਾ ਹੁੰਦਾ ਹੈ। ਇਸ ਕੋਰਸ ਲਈ ਸਾਢੇ ਚਾਰ ਸਾਲ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਇੱਕ ਸਾਲ ਦੀ ਇੰਟਰਨਸ਼ਿਪ ਦੇ ਦੌਰਾਨ ਵਿਦਿਆਰਥੀਆਂ ਨੂੰ ਵੈਟਰਨਰੀ ਹਸਪਤਾਲ ਤੇ ਡੇਅਰੀ ਫਾਰਮ ਵਿਚ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਕੋਰਸ ਵਿਚ ਦਾਖਲਾ ਲੈਣ ਲਈ ਬਾਰਵੀਂ ਕਲਾਸ ਵਿਚ ਬਾਇਲੋਜੀ, ਫਿਜਿਕਸ, ਕੈਮਿਸਟਰੀ ਤੇ ਅੰਗਰੇਜ਼ੀ ਦਾ ਸਬਜੈਕਟ ਹੋਣਾ ਲਾਜ਼ਮੀ ਹੈ। ਕੋਰਸ ਵਿਚ ਦਾਖਲਾ ਨੀਟ ਸਕੋਰ ਦੇ ਅਧਾਰ ਤੇ ਹੁੰਦਾ ਹੈ। ਕੁਝ ਸੂਬਿਆਂ ਵਿਚ ਅਲੱਗ ਕੌਂਸਲਿੰਗ ਵੀ ਹੁੰਦੀ ਹੈ ਪਰ ਨੀਟ ਦਾਖਲਾ ਲੈਣ ਲਈ ਸਭ ਤੋਂ ਵਧੀਆ ਤਰੀਕਾ ਹੈ। ਜੇਕਰ ਫੀਸ ਸੰਬੰਧੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਕਾਲਜਾਂ ਵਿਚ ਸਾਲਾਨਾ ਫੀਸ ਤਕਰੀਬਨ 30 ਹਜ਼ਾਰ ਰੁਪਏ ਤੋਂ ਲੈ ਕੇ ਇਕ ਲੱਖ ਰੁਪਏ ਤੱਕ ਹੁੰਦੀ ਹੈ ਤੇ ਪ੍ਰਾਈਵੇਟ ਕਾਲਜਾਂ ਵਿਚ ਇਹ ਫੀਸ ਦੋ ਲੱਖ ਤੋਂ ਲੈ ਕੇ ਤਕਰੀਬਨ 8 ਲੱਖ ਸਾਲਾਨਾ ਹੁੰਦੀ ਹੈ। ਇਸ ਕਰਕੇ ਸਰਕਾਰੀ ਕਾਲਜਾਂ ਵਿਚ ਦਾਖਲਾ ਲੈਣ ਲਈ ਮੁਕਾਬਲਾ ਜ਼ਿਆਦਾ ਹੁੰਦਾ ਹੈ। ਦੇਸ਼ ਵਿਚ ਕਈ ਵਧੀਆ ਵੈਟਰਨਰੀ ਕਾਲਜ ਹਨ ਜਿਵੇਂ ਕਿ ਆਈ. ਵੀ. ਆਰ. ਆਈ. ਇਜਤ ਨਗਰ, ਐਨ. ਡੀ. ਆਰ. ਆਈ. ਕਰਨਾਲ, ਲੁਵਾਸ ਹਿਸਾਰ, ਗਡਵਾਸੂ ਲੁਧਿਆਣਾ, ਵਿਰਸਾ ਐਗਰੀਕਲਚਰਲ ਯੂਨੀਵਰਸਿਟੀ ਰਾਂਚੀ, ਆਨੰਦ ਐਗਰੀਕਲਚਰਲ ਯੂਨੀਵਰਸਿਟੀ ਗੁਜਰਾਤ। ਇਨ੍ਹਾਂ ਉਪਰੋਤਕ ਕਾਲਜਾਂ ਵਿਚ ਦਾਖਲਾ ਨੀਟ ਦੁਬਾਰਾ ਲਿਆ ਜਾਂਦਾ ਹੈ। ਡਾਕਟਰ ਸ਼ਰਮਾ ਨੇ ਦੱਸਿਆ ਕਿ ਇਸ ਫੀਲਡ ਵਿਚ ਵੈਟਰਨਰੀ ਡਾਕਟਰ ਤੋਂ ਇਲਾਵਾ ਪੋਲਟਰੀ ਫਾਰਮ, ਡੇਅਰੀ ਫਾਰਮ, ਰਿਸਰਚ ਟੀਚਿੰਗ, ਮੈਨੇਜਮੈਂਟ ਅਤੇ ਦਵਾਈਆਂ ਦੀਆਂ ਕੰਪਨੀਆਂ ਵਿਚ ਨੌਕਰੀ ਕਰਨ ਦੇ ਮੌਕੇ ਮਿਲਦੇ ਹਨ। ਇਸ ਤੋਂ ਇਲਾਵਾ ਵੈਟਰਨਰੀ ਡਾਕਟਰ ਆਪਣਾ ਸਮਾਲ ਐਨੀਮਲ ਕਲੀਨਿਕ ਅਤੇ ਲਾਰਜ ਐਨੀਮਲ ਕਲੀਨਿਕ ਖੋਲ੍ਹ ਸਕਦੇ ਹਨ।