ਨਿਰਵਿਘਨ ਬਿਜਲੀ ਸਪਲਾਈ ਦੇ ਮਿਲਣ ਦੇ ਵਿਸ਼ਵਾਸ ਤੱਕ ਅਣਮਿਥੇ ਸਮੇਂ ਲਈ ਧਰਨਾ ਰਹੇਗਾ ਜਾਰੀ- ਕਿਸਾਨ ਆਗੂ
ਸੰਗਤ ਮੰਡੀ, 25 ਜੂਨ (ਅੰਮ੍ਰਿਤਪਾਲ ਸ਼ਰਮਾ)- ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਭਗਵੰਤ ਮਾਨ ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ ਅਤੇ ਸਬ-ਡਵੀਜ਼ਨ ਸੰਗਤ ਦੇ 66 ਕੇਵੀ ਬਿਜਲੀ-ਘਰ ਮੂਹਰੇ ਇਲਾਕੇ ਦੇ ਵੱਡੀ ਗਿਣਤੀ ਕਿਸਾਨਾਂ ਵੱਲੋਂ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕੀਤਾ ਗਿਆ ਹੈ। ਬਿਜਲੀ ਅਤੇ ਪਾਣੀ ਦੋਵੇਂ ਨਾ ਮਿਲਣ ਕਾਰਨ ਧਰਨੇ ਤੇ ਬੈਠੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪਿੰਡ ਸੰਗਤ ਕਲਾਂ ਦੇ ਕਿਸਾਨ ਆਗੂ ਰੇਸ਼ਮ ਸਿੰਘ, ਗੁਰਜਿੰਦਰ ਸਿੰਘ, ਦਰਸ਼ਨ ਸਿੰਘ ਗਿੱਲ ਅਤੇ ਜਗਤਾਰ ਸਿੰਘ ਗਹਿਰੀ ਬੁੱਟਰ ਨੇ ਦੱਸਿਆ ਕਿ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪ੍ਰੰਤੂ ਬਠਿੰਡਾ ਆਈ.ਟੀ.ਆਈ. ਨੇੜੇ ਮਹਿਤਾ ਰਜਵਾਹੇ ‘ਚ ਪਾੜ ਪੈ ਜਾਣ ਸੰਗਤ ਇਲਾਕੇ ਦੇ ਕਿਸਾਨਾਂ ਨੂੰ ਪਿਛਲੇ ਕਈ ਦਿਨਾ ਤੋਂ ਨਹਿਰੀ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਕਿਸਾਨ ਪਹਿਲਾਂ ਹੀ ਪ੍ਰੇਸ਼ਾਨ ਸਨ ਉੱਤੋਂ ਬਿਜਲੀ ਸਪਲਾਈ ਵੀ 8 ਘੰਟੇ ਦੇਣ ਦੀ ਥਾਂ ਸਿਰਫ਼ 4 ਘੰਟੇ ਹੀ ਬਿਜਲੀ ਮਿਲਦੀ ਹੋਣ ਅਤੇ ਸਮਾਂ ਲੰਬੇ ਕੱਟਾਂ ‘ਚ ਗੁਜ਼ਰ ਜਾਣ ਕਾਰਨ ਕਿਸਾਨਾਂ ‘ਚ ਰੋਹ ਪੈਦਾ ਹੋ ਗਿਆ। ਉਨ੍ਹਾਂ ਕਿਹਾ ਕਿ ਭਾਵੇਂ ਦਿਨ ਦੀ ਥਾਂ ਰਾਤ ਸਮੇਂ ਹੀ ਬਿਜਲੀ ਸਪਲਾਈ ਦਿੱਤੀ ਜਾਵੇ ਪ੍ਰੰਤੂ ਪੂਰਾ ਸਮਾਂ 8 ਘੰਟੇ ਬਿਜਲੀ ਸਪਲਾਈ ਦੇਣੀ ਨਿਸ਼ਚਿਤ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਅਤੇ ਪਾਣੀ ਦੋਵੇਂ ਹੀ ਨਾ ਮਿਲਣ ਕਾਰਨ ਵਾਧੂ ਮਜ਼ਦੂਰੀ ਭੁਗਤਣੀ ਪੈ ਰਹੀ ਹੈ ਅਤੇ ਸਾਰਾ ਸਾਰਾ ਦਿਨ ਮਜ਼ਦੂਰ ਬਿਜਲੀ ਪਾਣੀ ਨੂੰ ਉਡੀਕਦੇ ਸ਼ਾਮ ਨੂੰ ਨਿਰਾਸ਼ ਘਰਾਂ ਨੂੰ ਪਰਤ ਜਾਂਦੇ ਹਨ। ਧਰਨਾਕਾਰੀ ਕਿਸਾਨਾਂ ਨੇ ਦੱਸਿਆ ਕਿ ਜਦੋਂ ਤੱਕ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਿਸ਼ਵਾਸ ਨਹੀਂ ਦਿਵਾਇਆ ਜਾਂਦਾ ਧਰਨਾ ਅਣਮਿਥੇ ਸਮੇਂ ਲਈ ਜਾਰੀ ਰਹੇਗਾ। ਕਿਸਾਨਾਂ ਵੱਲੋਂ ਸੰਗਤ ਬਿਜਲੀ-ਘਰ ਤੋਂ ਚੱਲਦੀ ਸੰਗਤ ਸ਼ਹਿਰੀ ਫੀਡਰ ਦੇ ਕਰੀਬ 10 ਪਿੰਡਾਂ ਦੀ ਬਿਜਲੀ ਸਪਲਾਈ ਬੰਦ ਕਰਵਾ ਕੇ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਥਾਣਾ ਸੰਗਤ ਦੀ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਮੌਕੇ ਕਿਸਾਨ ਕਮਲਦੀਪ ਸਿੰਘ ਸਿੰਘ, ਤਰਸੇਮ ਸਿੰਘ, ਪਰਮਜੀਤ ਸਿੰਘ, ਗੁਰਪੀ੍ਰਤ ਸਿੰਘ, ਰਾਜਵਿੰਦਰ ਸਿੰਘ, ਚਿਮਨ ਲਾਲ, ਰਕੇਸ਼ ਕੁਮਾਰ ਆਦਿ ਮੌਜੂਦ ਸਨ। ਧਰਨਾਕਾਰੀਆਂ ਨਾਲ ਗੱਲਬਾਤ ਲਈ ਪਹੁੰਚੇ ਇਲਾਕੇ ਦੇ ਕਈ ਬਿਜਲੀ-ਘਰਾਂ ਦੇ ਐਸ.ਡੀ.ਓ. ਸ੍ਰੀਮਤੀ ਕਾਮਿਨੀ ਸਿੰਗਲਾ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਦੀਆਂ ਖੇਤੀ ਮੋਟਰਾਂ ਦੀ ਮਰੀ ਬਿਜਲੀ ਸਪਲਾਈ ਪੂਰੀ ਕੀਤੀ ਜਾਵੇਗੀ ਅਤੇ ਅਗਲੇ 8 ਦਿਨਾਂ ਤੱਕ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ। ਵਿਸ਼ਵਾਸ ਤੋਂ ਬਾਅਦ ਧਰਨਾਕਾਰੀ ਕਿਸਾਨਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।
ਨਿਰਵਿਘਨ ਬਿਜਲੀ ਅਤੇ ਪਾਣੀ ਦੋਵੇਂ ਨਾ ਮਿਲਣ ਕਾਰਨ ਕਿਸਾਨਾਂ ਨੇ ਬਿਜਲੀ-ਘਰ ਘੇਰਿਆ
ਅਜੀਤ ਡੈਸਕ
26-06-2026