07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਬਠਿੰਡਾ ’ਚ ਪੰਜਾਬ ਦੀ ਪਹਿਲੀ ਬਾਇਓ-ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬਾਰਟਰੀ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 27-06-2026
ਬਠਿੰਡਾ, 26 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਬਠਿੰਡਾ ਵਿਖੇ ਪੰਜਾਬ ਦੀ ਪਹਿਲੀ ਬਾਇਓ-ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬਾਰਟਰੀ ਲੋਕ ਅਰਪਣ ਕੀਤੀ। ਉਪਰੰਤ ਡੱਬਵਾਲੀ ਰੋਡ ਸਥਿਤ ਖੇਤੀ ਭਵਨ ਵਿਚ ‘ਬੀਜ ਪਰਖ ਪ੍ਰਯੋਗਸ਼ਾਲਾ’ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮਹਾਂਰਾਸ਼ਟਰ ਸਰਕਾਰ ਵਲੋਂ 1956 ਦੇ ਸ੍ਰੀ ਹਜ਼ੂਰ ਸਾਹਿਬ ਐਕਟ ਨੂੰ ਰੱਦ ਕਰਨ ਦੀ ਤਜਵੀਜ਼ ’ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ, ਕਿ ਸਮੂਹ ਸਿੱਖ ਸੰਗਤ ਅਤੇ ਸਿਆਸੀ ਪਾਰਟੀਆਂ ਆਪਸੀ ਮਤਭੇਦ ਭੁੱਲ ਕੇ ਇਸ ਦਾ ਇੱਕਜੁੱਟ ਹੋ ਕੇ ਵਿਰੋਧ ਕਰਨ। ਉਨ੍ਹਾਂ ਕਿਹਾ ਕਿ 1956 ਦਾ ਹਜ਼ੂਰ ਸਾਹਿਬ ਐਕਟ ਰੱਦ ਨਹੀਂ ਹੋਣਾ ਚਾਹੀਦਾ, ਕਿਉਂਕਿ ਇਸ ਨਾਲ ਤਖ਼ਤ ਦੇ ਅਧਿਕਾਰ ਪ੍ਰਭਾਵਿਤ ਹੋਣਗੇ। ਇਸ ਲਈ ਇਹ ਸਮਾਂ ਸਿਆਸਤ ਤੋਂ ਉੱਪਰ ਉੱਠ ਕੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੀ ਸਰਵਉੱਚਤਾ ਦੀ ਰਾਖੀ ਲਈ ਇੱਕਜੁੱਟ ਹੋਣ ਦਾ ਹੈ। ਇਸ ਤੋਂ ਪਹਿਲਾਂ ਲੈਬਾਰਟਰੀ ਲੋਕਾਂ ਨੂੰ ਸਮਰਪਿਤ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜ, ਖਾਦਾਂ ਅਤੇ ਹੋਰ ਖੇਤੀ ਇਨਪੁੱਟਸ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਪਹਿਲੀ ਬਾਇਓ-ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬਾਰਟਰੀ ਹਰ ਸਾਲ ਘੱਟੋ-ਘੱਟ 1000 ਸੈਂਪਲਾਂ ਦੀ ਜਾਂਚ ਕਰਨ ਦੇ ਸਮਰੱਥ ਹੋਵੇਗੀ, ਜਿਸ ਨਾਲ ਕਿਸਾਨਾਂ ਨੂੰ ਮਿਆਰੀ ਅਤੇ ਭਰੋਸੇਯੋਗ ਜੈਵਿਕ ਖਾਦਾਂ ਦੀ ਉਪਲੱਬਧਤਾ ਯਕੀਨੀ ਬਣੇਗੀ। ਇਸ ਤੋਂ ਇਲਾਵਾ ਬੀਜ ਪਰਖ ਪ੍ਰਯੋਗਸ਼ਾਲਾ ਦੀ ਸਥਾਪਨਾ ਨਾਲ ਬੀਜਾਂ ਦੀ ਗੁਣਵੱਤਾ ਦੀ ਵਿਗਿਆਨਕ ਜਾਂਚ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਹੋ ਸਕੇਗੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਦੋਵੇਂ ਪ੍ਰੋਜੈਕਟ ਵਿਭਾਗ ਦੀ ਤਕਨੀਕੀ ਸਮਰੱਥਾ ਵਧਾਉਣ ਦੇ ਨਾਲ-ਨਾਲ ਕਿਸਾਨਾਂ ਨੂੰ ਬਿਹਤਰ ਸੇਵਾਵਾਂ ਦੇਣ ਵਿਚ ਅਹਿਮ ਭੂਮਿਕਾ ਨਿਭਾਉਣਗੇ। ਸੰਯੁਕਤ ਡਾਇਰੈਕਟਰ (ਪੌਦ ਸੁਰੱਖਿਆ) ਡਾ. ਨਰਿੰਦਰ ਪਾਲ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਹ ਸੂਬੇ ਦੀ ਪਹਿਲੀ ਅਜਿਹੀ ਲੈਬਾਰਟਰੀ ਹੈ ਜਿੱਥੇ ਬਾਇਓ-ਫਰਟੀਲਾਈਜ਼ਰਾਂ ਦੇ ਸੈਂਪਲਾਂ ਦੀ ਸੁਚੱਜੇ ਢੰਗ ਨਾਲ ਜਾਂਚ ਕੀਤੀ ਜਾਵੇਗੀ। ਮੁੱਖ ਖੇਤੀਬਾੜੀ ਅਫ਼ਸਰ ਸ੍ਰੀਮਤੀ ਹਰਪ੍ਰੀਤ ਪਾਲ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਭਾਗੀ ਅਧਿਕਾਰੀਆਂ ਤੋਂ ਇਲਾਵਾ ਪਰਮਜੀਤ ਸਿੰਘ ਕੋਟਫੱਤਾ ਚੇਅਰਮੈਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ, ਚੇਅਰਮੈਨ ਹਰਦੀਪ ਸਰਾਂ, ਬਲਜੀਤ ਸਿੰਘ ਬੱਲੀ ਚੇਅਰਮੈਨ ਮਾਰਕੀਟ ਕਮੇਟੀ ਬਠਿੰਡਾ, ਚੁਸ਼ਪਿੰਦਰ ਚਾਹਲ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਇਆ ਧਰਨਾ ਮੰਗਾਂ ਲਾਗੂ ਹੋਣ ਤੱਕ ਸੰਘਰਸ਼ ਜਾਰੀ ਰੱਖ... ਅਗਲੀ ਖ਼ਬਰ ਪਿੰਡ ਚੋਗਾਵਾਂ ’ਚ ਤਿੰਨ ਮੈਂਬਰ ਪੰਚਾਇਤ ਸਮੇਤ ਕਈ ਕਾਂਗਰਸੀ ਪਰਿਵਾਰਾਂ ਸਮੇਤ ‘ਆਪ’ ਵਿਚ ਸ਼ਾਮਿਲ
Ad Position 24
No active advertisement