ਬਠਿੰਡਾ, 26 ਜੂਨ (ਪ੍ਰੀਤਪਾਲ ਸਿੰਘ ਰੋਮਾਣਾ): ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਬਿਜਲੀ ਬੋਰਡ ਪੀਐਸਪੀਸੀਐਲ ਦੀ ਸੂਬਾ ਕਮੇਟੀ ਦੇ ਸੱਦੇ ਤਹਿਤ ਸੀਆਰਸੀ ਅਤੇ ਐਨਸੀਸੀ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਥਰਮਲ ਕਲੋਨੀ ਦੇ ਗੇਟ ਨੰਬਰ-3, ਸਰਕਲ ਦਫ਼ਤਰ ਬਠਿੰਡਾ ਪੀਐਸਪੀਸੀਐਲ ਦੇ ਸਾਹਮਣੇ ਧਰਨਾ ਲਗਾਇਆ ਗਿਆ। ਇਸ ਮੌਕੇ ਯੂਨੀਅਨ ਵਲੋਂ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਰਕਲ ਪ੍ਰਧਾਨ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੀਆਂ ਮੰਗਾਂ ਸੰਬੰਧੀ 19 ਜੂਨ ਤੋਂ ਲਗਾਤਾਰ ਧਰਨਾ ਲਗਾਇਆ ਗਿਆ ਹੈ। ਉਨ੍ਹਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਠੇਕਾ ਪ੍ਰਣਾਲੀ ਖ਼ਤਮ ਕਰਕੇ ਮੁਲਾਜ਼ਮਾਂ ਨੂੰ ਸਿੱਧੇ ਮਹਿਕਮੇ ਅਧੀਨ ਲਿਆਉਣਾ, ਤਨਖ਼ਾਹਾਂ ਵਿਚ ਵਾਧਾ ਕਰਨਾ, ਮੁਲਾਜ਼ਮਾਂ ਉੱਤੇ ਪਾਇਆ ਜਾ ਰਿਹਾ ਵਾਧੂ ਕੰਮ ਦਾ ਬੋਝ ਘਟਾਉਣਾ ਅਤੇ ਐਨਸੀਸੀ ਤੇ ਸੀਆਰਸੀ ਕਾਮਿਆਂ ਦੀ ਹੋਰ ਭਰਤੀ ਕਰਨਾ ਸ਼ਾਮਲ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ 24 ਮਈ 2026 ਨੂੰ ਬਿਜਲੀ ਮੰਤਰੀ ਅਤੇ ਪਾਵਰਕਾਮ ਮੈਨੇਜਮੈਂਟ ਨਾਲ ਹੋਈ ਮੀਟਿੰਗ ਦੌਰਾਨ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਸਨ, ਉਨ੍ਹਾਂ ਨੂੰ ਜਲਦ ਲਾਗੂ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਧਰਨਾ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਸਰਕਲ ਪ੍ਰਧਾਨ ਗੁਰਿੰਦਰ ਪਾਲ ਸਿੰਘ, ਕੈਸ਼ੀਅਰ ਪੂਜਾ ਰਾਣੀ, ਸਲਾਹਕਾਰ ਊਸ਼ਾ ਰਾਣੀ, ਮਨਿੰਦਰ ਸਿੰਘ ਰਾਮਪੁਰਾ, ਅਮਨਦੀਪ ਸਿੰਘ ਮਾਨਸਾ, ਨਿਰਦੋਸ਼ ਮੌੜ, ਅਭਿਮੰਨਿਊ, ਗੁਰਪ੍ਰੀਤ ਸਿੰਘ ਭਗਤਾ, ਰਾਧੇ ਸ਼ਾਮ, ਸੰਦੀਪ ਕੌਰ ਰਾਮਪੁਰਾ ਅਤੇ ਅਜੇ ਭਗਤਾ ਸਮੇਤ ਹੋਰ ਆਗੂ ਮਹਿੰਦਰ ਪਾਲ ਸਿੰਘ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਵੰਡ ਮੰਡਲ ਬਠਿੰਡਾ, ਚੰਦਰ ਪ੍ਰਸਾਦ ਮੀਤ ਪ੍ਰਧਾਨ ਟੀਐਸਯੂ ਭੰਗਲ ਪੰਜਾਬ ਅਤੇ ਬਲਜਿੰਦਰ ਸਿੰਘ ਸਲਾਹਕਾਰ ਪੀਐਸਈਬੀ ਇੰਪਲਾਇਜ਼ ਫੈਡਰੇਸ਼ਨ ਏਟਕ ਸਰਕਲ ਬਠਿੰਡਾ ਵੀ ਧਰਨੇ ਵਿਚ ਸ਼ਾਮਲ ਹੋਏ।