ਬਠਿੰਡਾ, 1 ਜੁਲਾਈ (ਸੱਤਪਾਲ ਸਿੰਘ ਸਿਵੀਆਂ):-ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ (ਐਨ. ਐਸ. ਡਬਲਯੂ.ਐਸ.) ਵਲੋਂ ਇਕ ਵਿਸ਼ੇਸ਼ ਅਜਲਾਸ ਸੱਦ ਕੇ ਮਨਰੇਗਾ ਦੀ ਥਾਂ ਲਿਆਂਦੇ ਗਏ ‘ਜੀ ਰਾਮ ਜੀ’ ਕਾਨੂੰਨ ਦਾ ਵਿਰੋਧ ਕੀਤਾ ਗਿਆ। ਜਥੇਬੰਦੀ ਨੇ ਸਥਾਨਕ ਡਾ. ਅੰਬੇਡਕਰ ਪਾਰਕ ਵਿਖੇ ‘ਲੋਕ ਹਿੱਤ ਸੰਘਰਸ਼ ਪੱਕਾ ਮੋਰਚਾ’ ਸਥਾਪਿਤ ਕਰਦਿਆਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ।ਵਿਦਿਆਰਥੀ ਸੰਗਠਨ ਦੇ ਸੂਬਾ ਪ੍ਰਧਾਨ ਇੰਜ਼. ਰਾਜਿੰਦਰ ਸਿੰਘ ਮੌੜ ਨੇ ਅਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਲੋਕ ਹਿੱਤਾਂ ਅਤੇ ਸੰਵਿਧਾਨਕ ਹੱਕਾਂ ਲਈ ਆਪਣਾ ਸੰਘਰਸ਼ ਜਾਰੀ ਰੱਖੇਗੀ ਅਤੇ ਕਿਸੇ ਵੀ ਦਬਾਅ ਅੱਗੇ ਨਹੀਂ ਝੁਕੇਗੀ। ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਜਲਦ ਹੀ ਦੇਸ਼ ਦੇ ਹੋਰ ਹਿੱਸਿਆਂ ਤੱਕ ਫੈਲਾਇਆ ਜਾਵੇਗਾ। ਉਨ੍ਹਾਂ ਮਨਰੇਗਾ ਤਹਿਤ 200 ਦਿਨ ਰੁਜ਼ਗਾਰ, 1000 ਰੁਪਏ ਦਿਹਾੜੀ, ਬੇਰੁਜ਼ਗਾਰੀ ਭੱਤਾ, ਬਿਜਲੀ ਮੀਟਰ ਐਕਟ-2025 ਅਤੇ 12 ਘੰਟੇ ਕੰਮ ਸੰਬੰਧੀ ਕਿਰਤ ਕਾਨੂੰਨਾਂ ਨੂੰ ਰੱਦ ਕਰਨ ਸਮੇਤ ਸਿੱਖਿਆ, ਸਿਹਤ ਅਤੇ ਹੋਰ ਸੰਵਿਧਾਨਕ ਹੱਕਾਂ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਅਜਲਾਸ ਵਿਚ ਵੱਖ-ਵੱਖ ਸੰਘਰਸ਼ੀ ਜਥੇਬੰਦੀਆਂ ਅਤੇ ਪਿੰਡਾਂ ਦੀਆਂ ਇਕਾਈਆਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਸਰਕਾਰ ਤੋਂ ਜਥੇਬੰਦੀ ਦੇ ਆਗੂਆਂ ਖ਼ਿਲਾਫ਼ ਦਰਜ ਮੁਕੱਦਮੇ ਰੱਦ ਕਰਨ, ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਮੰਗਾਂ ਦਾ ਹੱਲ ਕਰਨ ਅਤੇ ਗਰੀਬ ਅਤੇ ਮਜ਼ਦੂਰ ਵਰਗ ਦੇ ਹੱਕਾਂ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨੂੰ ਅਣਡਿੱਠਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਦੇਸ਼-ਪੱਧਰ ’ਤੇ ਫੈਲਾਇਆ ਜਾਵੇਗਾ।ਇਸ ਮੌਕੇ ਸੂਬਾ ਕਮੇਟੀ ਆਗੂ ਅਮਨਦੀਪ ਕੌਰ ਉੱਡਤ, ਨਵਦੀਪ ਕੌਰ ਕਮਾਲੁ, ਸਮਨਦੀਪ ਕੌਰ ਫੱਲ੍ਹੜ, ਰਮਨਦੀਪ ਕੌਰ ਬੰਗੀ, ਸਤਵੀਰ ਕੌਰ, ਹਰਪ੍ਰੀਤ ਕੌਰ ਮਲਕਾਣਾ, ਹਰਪ੍ਰੀਤ ਕੌਰ ਗਿਆਨਾ, ਮਨਪ੍ਰੀਤ ਕੌਰ ਬਹਿਣੀਵਾਲ, ਮਨਜੀਤ ਕੌਰ ਚੱਕ, ਬਲਵਿੰਦਰ ਸਿੰਘ ਮਲਕਾਣਾ, ਜਰਨੈਲ ਕੌਰ ਬਹਿਣੀਵਾਲ, ਬੂਟਾ ਸਿੰਘ ਉੱਡਤ, ਰੂਪ ਸਿੰਘ ਮੋਫ਼ਰ, ਸ਼ਿੰਦਰਪਾਲ ਕੌਰ ਕਮਾਲੁ ਆਦਿ ਮੌਜੂਦ ਸਨ।