ਨਥਾਣਾ, 1 ਜੁਲਾਈ (ਗੁਰਦਰਸ਼ਨ ਲੁੱਧੜ): ਨਗਰ ਨਥਾਣਾ ਤੋਂ ਢੇਲਵਾਂ ਜੰਡਾਂਵਾਲਾ ਮਾਰਗ ’ਤੇ ਜੋ ਸੜਕ ਨਗਰ ਨਥਾਣਾ ਦੇ ਸੂਏ ਤੋਂ ਵਿਸ਼ਕਰਮਾ ਮਾਰਕੀਟ ਅਤੇ ਖੇਡ ਸਟੇਡੀਅਮ ਗੇਟ ਲਾਗੇ ਦੀ ਉਸਾਰੀ ਅਧੀਨ ਹੈ, ਉੱਪਰ ਰੇਤੇ ’ਤੇ ਲੁੱਕ ਪਾਉਣ ਦਾ ਲੋਕਾਂ ਵਲੋਂ ਵਿਰੋਧ ਵੇਖਣ ਨੂੰ ਮਿਲਿਆ ਹੈ। ਨਥਾਣਾ ਵਾਸੀਆਂ ਨੇ ਪੱਤਰਕਾਰਾਂ ਨੂੰ ਸੜਕ ਦਾ ਮੌਕਾ ਵਿਖਾਉਂਦਿਆਂ ਦੱਸਿਆ ਕਿ ਉਕਤ ਸੜਕ ਪਿਛਲੇ ਕਈ ਸਾਲਾਂ ਤੋਂ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਜੇਕਰ ਹੁਣ ਸੜਕ ਉਚੀ ਕਰਕੇ ਬਣਾਉਣ ਦਾ ਕੰਮ ਸ਼ੁਰੂ ਹੋਇਆ ਹੈ ਤਾਂ ਇਸ ਦਾ ਕੰਮ ਮਿਆਰ ਪੱਖੋਂ ਤਸੱਲੀਬਖ਼ਸ਼ ਨਹੀਂ ਹੋ ਰਿਹਾ, ਕਿਉਂਕਿ ਸੜਕ ’ਤੇ ਮੋਟੇ ਪੱਥਰਾਂ ਦੀਆਂ ਵਿੱਥਾਂ ਵਿਚਕਾਰ ਪਾਏ ਹੋਏ ਰੇਤੇ ਉੱਪਰ ਲੁੱਕ ਪਾਈ ਜਾ ਰਹੀ ਹੈ, ਜਿਸ ਉੱਪਰ ਬਜ਼ਰੀ ਅਤੇ ਪ੍ਰੀਮਿਕਸ ਪਾਇਆ ਜਾਣਾ ਹੈ। ਨਗਰ ਨਿਵਾਸੀਆਂ ਨੇ ਕਿਹਾ ਕਿ ਜੇਕਰ ਸੜਕ ਦੀ ਬੁਨਿਆਦ ਹੀ ਰੇਤੇ ਉੱਪਰ ਲੁੱਕ ਪਾ ਕੇ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਉਸ ਉੱਪਰ ਬਜ਼ਰੀ ਪ੍ਰੀਮਿਕਸ ਦਾ ਲੰਬੇ ਸਮੇਂ ਤੱਕ ਟਿਕਣਾ ਕਿਵੇਂ ਸੰਭਵ ਹੋ ਸਕੇਗਾ? ਸਿੱਟੇ ਵਜੋਂ ਸੜਕ ਜਲਦੀ ਫਿਰ ਟੁੱਟ ਸਕਦੀ ਹੈ। ਇਸ ਸੰਬੰਧੀ ਜਦੋਂ ਸਬੰਧਿਤ ਐਸ.ਡੀ.ਓ ਦਾ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਬਤ ਪੰਜ ਸਾਲ ਤੱਕ ਦੀ ਜ਼ਿੰਮੇਵਾਰੀ/ਗਾਰੰਟੀ ਸਬੰਧਿਤ ਠੇਕੇਦਾਰ ਦੀ ਹੈ। ਨਥਾਣਾ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਵੀ ਇਲਾਕੇ ਦੀਆਂ ਕੁਝ ਸੜਕਾਂ ਆਪਣੀ ਮਿਆਦ ਦੇ ਸਮੇਂ ਦੇ ਅੰਦਰ ਹੀ ਟੁੱਟ ਚੁੱਕੀਆਂ ਹਨ, ਪਰ ਉਕਤ ਸੜਕਾਂ ਨੂੰ ਜ਼ਿੰਮੇਵਾਰੀ/ਗਾਰੰਟੀ ਤਹਿਤ ਦੁਬਾਰਾ ਨਹੀਂ ਬਣਾਇਆ ਗਿਆ।