ਤਲਵੰਡੀ ਸਾਬੋ, 18 ਜੁਲਾਈ (ਰਣਜੀਤ ਸਿੰਘ ਰਾਜੂ)- ਪੰਜਾਬ ਸਰਕਾਰ ਵਲੋਂ ‘ਪਵਿੱਤਰ ਸ਼ਹਿਰ’ ਕਰਾਰ ਦਿੱਤੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਦਾ ਬੱਸ ਅੱਡਾ ਜੋ ਪਹਿਲਾਂ ਹੀ ਆਪਣੀ ਬਦਹਾਲੀ ਕਾਰਨ ਸੁਰਖੀਆਂ ’ਚ ਰਹਿੰਦਾ ਹੈ ਦੀ ਹੁਣ ਪਿਛਲੇ ਕਰੀਬ ਤਿੰਨ-ਚਾਰ ਦਿਨਾਂ ਤੋਂ ਬਿਜਲੀ ਗੁੱਲ ਹੋ ਜਾਣ ਕਾਰਣ ਜਿੱਥੇ ਮਹਿਕਮੇ ਦੀ ਆਮਦਨੀ ’ਚ ਹਿੱਸਾ ਪਾਉਂਦੇ ਦੁਕਾਨਦਾਰ ਪ੍ਰੇਸ਼ਾਨ ਹਨ ਉੱਥੇ ਅੱਡੇ ’ਚ ਲੱਗੇ ਪੱਖਿਆਂ ਦੇ ਬੰਦ ਹੋਣ ਕਾਰਨ ਅੱਡੇ ’ਚ ਬੈਠ ਕੇ ਬੱਸਾਂ ਦੀ ਉਡੀਕ ਕਰਦੀਆਂ ਸਵਾਰੀਆਂ ਦੇ ਮੰਦੜੇ ਹਾਲ ਵੀ ਦੇਖਣ ਨੂੰ ਮਿਲ ਰਹੇ ਹਨ।ਦੱਸਣਯੋਗ ਹੈਕਿ ਇਸ ਬੱਸ ਅੱਡੇ ਦੀ ਸਾਂਭ-ਸੰਭਾਲ ਵੱਲ ਨਾ ਤਾਂ ਕਦੇ ਅਧਿਕਾਰੀਆਂ ਨੇ ਤਾਂ ਨਾ ਹੀ ਸਰਕਾਰੀ ਨੁਮਾਇੰਦਿਆਂ ਨੇ ਕੋਈ ਧਿਆਨ ਦਿੱਤਾ ਜਿਸ ਕਾਰਨ ਅੱਡਾ ਜਿਥੇ ਪਹਿਲਾਂ ਹੀ ਬਹੁਤ ਬੁਰੇ ਹਾਲਾਤਾਂ ਦਾ ਸਾਹਮਣਾ ਕਰ ਰਿਹੈ ਉੱਥੇ ਹੁਣ ਸਾਹਮਣੇ ਆਈ ਜਾਣਕਾਰੀ ਮੁਤਾਬਿਕ ਪਿਛਲੇ ਤਿੰਨ-ਚਾਰ ਦਿਨਾਂ ਤੋਂ ਅੱਡੇ ਦੀ ਬਿਜਲੀ ਬੰਦ ਪਈ ਹੋਣ ਕਾਰਨ ਸਮੁੱਚਾ ਅੱਡਾ ਕੰਪਲੈਕਸ ਬਿਨ੍ਹਾਂ ਬਿਜਲੀ ਤੋਂ ਬੁੱਤਾ ਸਾਰ ਰਿਹੈ। ਅੱਜ ਬੱਸ ਅੱਡੇ ’ਚ ਪਹੁੰਚੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਅੱਡੇ ਵਿਚਲੇ ਦੁਕਾਨਦਾਰਾਂ ਨੇ ਕਿਹਾ ਕਿ ਬਿਜਲੀ ਸਪਲਾਈ ਠੱਪ ਹੋ ਜਾਣ ਕਾਰਨ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹੈ। ਕੁਝ ਪ੍ਰਾਈਵੇਟ ਬੱਸ ਸੰਚਾਲਕਾਂ ਨੇ ਦੱਸਿਆ ਕਿ ਜਿੱਥੇ ਪੱਖੇ ਬੰਦ ਹੋ ਜਾਣ ਕਾਰਨ ਸਵਾਰੀਆਂ ਨੂੰ ਮਜ਼ਬੂਰੀਵੱਸ ਅੱਤ ਦੀ ਗਰਮੀ ’ਚ ਬੈਠ ਕੇ ਬੱਸਾਂ ਦੀ ਉਡੀਕ ਕਰਨੀ ਪੈ ਰਹੀ ਹੈ, ਉੱਥੇ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਹਾਲਾਤ ਹੋਰ ਗੰਭੀਰ ਬਣ ਗਏ ਹਨ ਤੇ ਇੱਥੋਂ ਤੱਕ ਕਿ ਬਾਥਰੂਮਾਂ ਤੱਕ ਪਾਣੀ ਨਹੀਂ ਆ ਰਿਹਾ। ਕੁਝ ਵਿਅਕਤੀਆਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਮਹਿਕਮੇ ਵਲੋਂ ਬਣਦਾ ਬਿਜਲੀ ਬਿੱਲ ਨਾ ਭਰਨ ਕਰਕੇ ਅੱਡੇ ’ਚ ਲਗਾਇਆ ਪ੍ਰੀਪੇਡ ਬਿਜਲੀ ਮੀਟਰ ਬੰਦ ਹੋ ਗਿਆ ਹੈ।ਪੱਖ ਜਾਨਣ ਲਈ ਪੀ.ਆਰ.ਟੀ.ਸੀ ਦੇ ਜਨਰਲ ਮੈਨੇਜ਼ਰ ਨਾਲ ਫੋਨ ’ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ ਜਦੋਂਕਿ ਸੂਤਰਾਂ ਮੁਤਾਬਿਕ ਬੱਸ ਅੱਡਾ ਪ੍ਰਬੰਧਕਾਂ ਨੇ ਬਿਜਲੀ ਸਪਲਾਈ ਦੀ ਬਹਾਲੀ ਲਈ ਚਾਰਾਜੋਈ ਆਰੰਭ ਦਿੱਤੀ ਹੈ ਤੇ ਸੰਭਾਵਨਾ ਬਣੀ ਹੈ ਕਿ ਜਲਦ ਬਿਜਲੀ ਬਹਾਲ ਹੋ ਸਕੇਗੀ।