ਸੰਗਤ ਮੰਡੀ, 28 ਜਨਵਰੀ (ਸੁਖਤੇਜ ਧਾਲੀਵਾਲ)-ਕਲੇਅ ਇੰਡੀਆ ਇੰਟਰਨੈਸ਼ਨਲ ਸਕੂਲ ਸੰਗਤ ਕੈਂਚੀਆਂ ਵਿਖੇ ਗਣਤੰਤਰਤਾ ਦਿਵਸ ਨੂੰ ਮੁੱਖ ਰੱਖਦਿਆਂ ਬਾਲ ਮੇਲੇ ਦਾ ਆਯੋਜਨ ਕੀਤਾ ਗਿਆ ਜੋ ਸਿੱਖਿਆ ਅਤੇ ਮਨੋਰੰਜਨ ਦਾ ਸੁੰਦਰ ਸੁਮੇਲ ਬਣ ਕੇ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ | ਸਕੂਲ ਦੀ ਪਿ੍ੰਸੀਪਲ ਸਰਬਜੀਤ ਕੌਰ ਨੇ ਦੱਸਿਆ ਕਿ ਮੇਲੇ ਵਿਚ ਸਕੂਲ 'ਚ ਪੜ੍ਹਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਇਲਾਕੇ ਦੇ ਹੋਰਨਾ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਤੇ ਆਮ ਲੋਕਾਂ ਨੂੰ ਪੁੱਜਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ | ਮੇਲੇ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਡਲ ਪ੍ਰਦਰਸ਼ਨੀ ਲਗਾਈ ਗਈ | ਵਿਦਿਆਰਥੀਆਂ ਨੇ ਰੋਬੋਟਿਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਵਰਕਿੰਗ ਮਾਡਲ ਪੇਸ਼ ਕੀਤੇ | ਬੱਚਿਆਂ ਦੇ ਮਨੋਰੰਜਨ ਲਈ ਵੱਖ-ਵੱਖ ਤਰ੍ਹਾਂ ਦੇ ਝੂਲਿਆਂ ਦਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ | ਮੇਲੇ ਦੌਰਾਨ ਦਰਸ਼ਕਾਂ ਲਈ ਊਠ ਦੀ ਸਵਾਰੀ ਖਾਸ ਖਿੱਚ ਦਾ ਕੇਂਦਰ ਬਣੀ | ਸਕੂਲ ਪ੍ਰਬੰਧਕਾਂ ਵਲੋਂ ਮੇਲੇ ਵਿਚ ਪੁੱਜੇ ਲੋਕਾਂ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਤਰ੍ਹਾਂ ਦੇ ਖਾਣ ਪੀਣ ਦੇ ਸਮਾਨ ਦੀਆਂ ਸਟਾਲਾਂ ਲਗਾਈਆਂ ਗਈਆਂ ਸਨ | ਓਥੇ ਸਟੇਸ਼ਨਰੀ, ਹੱਥੀਂ ਬਣੇ ਸਮਾਨ, ਸੂਟ ਅਤੇ ਜਵੈਲਰੀ ਦੀਆਂ ਸਟਾਲਾਂ ਦਾ ਹਾਜ਼ਰੀਨ ਨੇ ਭਰਪੂਰ ਆਨੰਦ ਮਾਣਿਆ | ਮੇਲੇ ਦੀ ਰੌਣਕ ਨੂੰ ਵਧਾਉਣ ਲਈ ਸੰਗੀਤ ਦਾ ਖਾਸ ਪ੍ਰਬੰਧ ਕੀਤਾ ਗਿਆ | ਸਭ ਨੇ ਡਾਂਸ ਕਰਕੇ ਮੇਲੇ ਦਾ ਖੂਬ ਆਨੰਦ ਮਾਣਿਆ | ਇਹ ਮੇਲਾ ਇਲਾਕੇ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਤੇ ਆਪਣਿਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਸਕੂਲ ਦੇ ਚੇਅਰਮੈਨ ਜੀ. ਐਸ. ਢਿੱਲੋਂ ਵੱਲੋਂ ਮੇਲੇ ਦੀ ਸ਼ਲਾਘਾ ਕਰਦੇ ਹੋਏ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਸਕੂਲ ਦੇ ਡਾਇਰੈਕਟਰ ਵਰਿੰਦਰ ਕੌਰ ਅਤੇ ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ ਵਲੋਂ ਗਣਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਸਭ ਦਾ ਧੰਨਵਾਦ ਕੀਤਾ ਗਿਆ |