ਗੋਨਿਆਣਾ, 28 ਜਨਵਰੀ (ਗਰਗ): ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਦਿਲਬਾਗ ਸਿੰਘ ਬਰਾੜ ਵਲੋਂ ਗੋਨਿਆਣਾ ਮੰਡੀ ਦੇ ਮੋਹਤਵਰ ਵਿਅਕਤੀਆਂ ਅਤੇ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਦਾ ਕੇਂਦਰ ਮੁੱਦਾ ਵਪਾਰੀਆਂ ਨੂੰ ਆ ਰਹੀਆਂ ਗੰਭੀਰ ਮੁਸ਼ਕਲਾਂ ਜਿਵੇਂ ਕਿ ਫਿਰੌਤੀ ਮੰਗਣ, ਧਮਕੀਆਂ ਦੇਣ ਅਤੇ ਅਸਮਾਜਿਕ ਤੱਤਾਂ ਵਲੋਂ ਦਬਾਅ ਬਣਾਉਣ ਸੰਬੰਧੀ ਸੀ | ਮੁੱਖ ਅਫ਼ਸਰ ਦਿਲਬਾਗ ਸਿੰਘ ਬਰਾੜ ਨੇ ਕਿਹਾ ਕਿ ਵਪਾਰੀਆਂ ਦੀ ਸੁਰੱਖਿਆ ਪੁਲਿਸ ਦੀ ਪਹਿਲੀ ਜ਼ਿੰਮੇਵਾਰੀ ਹੈ ਅਤੇ ਕਿਸੇ ਵੀ ਕੀਮਤ 'ਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਨੇ ਵਪਾਰੀਆਂ ਨੂੰ ਪੂਰਾ ਭਰੋਸਾ ਦਿਵਾਇਆ ਕਿ ਜੇਕਰ ਕਿਸੇ ਨੂੰ ਫਿਰੌਤੀ ਜਾਂ ਧਮਕੀ ਸੰਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਬਿਨਾਂ ਡਰ ਦੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ, ਪੁਲਿਸ ਪੂਰੀ ਤਾਕਤ ਨਾਲ ਕਾਰਵਾਈ ਕਰੇਗੀ | ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਮੁਕਤ ਪੰਜਾਬ ਮੁਹਿੰਮ 'ਤੇ ਵਿਚਾਰ- ਵਟਾਂਦਰਾ ਹੋਇਆ | ਮੁੱਖ ਅਫ਼ਸਰ ਨੇ ਕਿਹਾ ਕਿ ਜੇ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੁਲਿਸ ਨਾਲ ਤਾਲਮੇਲ ਕਰਵਾ ਕੇ ਉਸ ਨੂੰ ਇਲਾਜ ਲਈ ਭਰਤੀ ਕਰਵਾਇਆ ਜਾ ਸਕਦਾ ਹੈ, ਤਾਂ ਜੋ ਉਹ ਮੁੱਖ ਧਾਰਾ ਵਿਚ ਵਾਪਸ ਆ ਸਕੇ | ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜੋ ਲੋਕ ਨਸ਼ਾ ਵੇਚਣ ਦੇ ਗੋਰਖ-ਧੰਦੇ ਨਾਲ ਜੁੜੇ ਹੋਏ ਹਨ, ਉਨ੍ਹਾਂ ਬਾਰੇ ਗੁਪਤ ਤੌਰ 'ਤੇ ਜਾਣਕਾਰੀ ਦਿੱਤੀ ਜਾਵੇ, ਜਾਣਕਾਰੀ ਦੇਣ ਵਾਲੇ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਇਆ ਜਾ ਸਕੇ | ਟਰੈਫ਼ਿਕ ਸਮੱਸਿਆ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ, ਜਿਸ 'ਤੇ ਮੁੱਖ ਅਫ਼ਸਰ ਦਿਲਬਾਗ ਸਿੰਘ ਬਰਾੜ ਅਤੇ ਨਗਰ ਕੌਂਸਲ ਦੇ ਪ੍ਰਧਾਨ ਕਸ਼ਮੀਰੀ ਲਾਲ ਨੇ ਲੋਕਾਂ ਨੂੰ ਅਨੁਸ਼ਾਸਨ ਬਣਾਈ ਰੱਖਣ ਲਈ ਕਿਹਾ | ਉਨ੍ਹਾਂ ਭਰੋਸਾ ਦਵਾਇਆ ਕਿ ਨਜਾਇਜ਼ ਟਰੈਫ਼ਿਕ ਪੈਦਾ ਕਰਨ ਵਾਲੀਆਂ ਰੇੜੀਆਂ ਅਤੇ ਗ਼ੈਰਕਾਨੰੂਨੀ ਅੱਡਿਆਂ ਨੂੰ ਤੁਰੰਤ ਚੁਕਵਾਇਆ ਜਾਵੇਗਾ ਅਤੇ ਜਲਦੀ ਹੀ ਟਰੈਫ਼ਿਕ ਸਮੱਸਿਆ ਤੋਂ ਰਾਹਤ ਮਿਲੇਗੀ |