ਬਠਿੰਡਾ, 6 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ 'ਚੋਂ ਕੱਚੇ ਕਾਮਿਆਂ ਦੀ ਮੁੜ ਛਾਂਟੀ ਕੀਤੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਅਦ ਰੋਹ 'ਚ ਆਏ ਕਾਮਿਆਂ ਵਲੋਂ ਏਮਜ਼ ਦੇ ਮੁੱਖ ਗੇਟ ਮੂਹਰੇ ਪੱਕਾ ਰੋਸ ਧਰਨਾ ਲਗਾ ਦਿੱਤਾ ਗਿਆ ਹੈ | ਧਰਨੇ ਦੀ ਅਗਵਾਈ ਕਰਦਿਆਂ ਪ੍ਰਧਾਨ ਰਜ਼ਨੀ ਕੌਰ ਨੇ ਦੱਸਿਆ ਕਿ 15-20 ਕਰਮਚਾਰੀ ਪਿਛਲੇ 5/7 ਸਾਲਾਂ ਤੋਂ ਨਿੱਜੀ ਕੰਪਨੀ ਅਧੀਨ ਏਮਜ਼ ਬਠਿੰਡਾ 'ਚ ਸਫ਼ਾਈ ਦਾ ਕੰਮ ਕਰਦੇ ਆ ਰਹੇ ਹਨ, ਪਰ ਹੁਣ ਉਨ੍ਹਾਂ ਨੂੰ ਬਿੰਨਾਂ ਕਿਸੇ ਕਾਰਨ ਕੰਮ ਤੋਂ ਹਟਾ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੇ ਘਰਾਂ ਦਾ ਤਾਣਾ-ਬਾਣਾ ਹਿੱਲ ਗਿਆ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਮਿਆਂ ਨੂੰ ਪਹਿਲਾਂ ਹੀ ਬਹੁਤ ਨਿਗੂਣੀਆਂ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ ਤੇ ਉਹ ਵੀ ਸਮੇਂ ਸਿਰ ਨਹੀਂ ਮਿਲਦੀਆਂ ਤੇ ਜਦੋਂ ਉਹ ਤਨਖ਼ਾਹਾਂ ਦੀ ਮੰਗ ਕਰਦੇ ਹਨ ਜਾਂ ਘਰ ਵਿਚ ਜ਼ਰੂਰੀ ਕੰਮ ਹੋਣ 'ਤੇ ਛੁੱਟੀ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਕੰਮ ਤੋਂ ਹਟਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਦਾ ਲਗਾਤਾਰ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ | ਇਸ ਧੱਕੇਸ਼ਾਹੀ ਸੰਬੰਧੀ ਉਹ ਕਈ ਵਾਰ ਏਮਜ਼ ਦੇ ਉੱਚ-ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ, ਜਿਸ ਲਈ ਉਹ ਏਮਜ਼ ਮੂਹਰੇ ਪੱਕਾ ਧਰਨਾ ਲਗਾਉਣ ਲਈ ਮਜਬੂਰ ਹੋਏ ਹਨ | ਉਨ੍ਹਾਂ ਕਿਹਾ ਕਿ ਜਦੋਂ ਤੱਕ ਕੰਮ ਤੋਂ ਹਟਾਏ ਕਾਮਿਆਂ ਦੀ ਬਹਾਲੀ ਨਹੀਂ ਹੁੰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਆਪਣਾ ਰੁਜ਼ਗਾਰ ਬਚਾਉਣ ਲਈ ਭਰਾਤਰੀ ਜਥੇਬੰਦੀਆਂ ਤੋਂ ਮੱਦਦ ਦੀ ਮੰਗ ਕੀਤੀ ਹੈ | ਇਸ ਮੌਕੇ ਵੀਰਪਾਲ ਕੌਰ, ਗੁਰਮੀਤ ਕੌਰ, ਨਾਨਕ ਸਿੰਘ, ਗੁਰਦਿੱਤ ਸਿੰਘ, ਰਾਜਵੀਰ ਸਿੰਘ, ਅਜੈਬ ਸਿੰਘ, ਸੰਦੀਪ ਸਿੰਘ ਨੰਦਗੜ੍ਹ, ਜਸਕਰਨ ਸਿੰਘ ਜੰਗੀਰਾਣਾ, ਦਰਸ਼ਨ ਸਿੰਘ, ਸੁਮਨ ਕੌਰ, ਸਵਰਨਜੀਤ ਕੌਰ, ਲਖਵੀਰ ਕੌਰ, ਜਗਦੀਸ਼ ਸਿੰਘ ਤੇ ਬਿੱਟੂ ਆਦਿ ਮੌਜੂਦ ਸਨ |