ਤਲਵੰਡੀ ਸਾਬੋ, 19 ਅਪ੍ਰੈਲ (ਰਣਜੀਤ ਸਿੰਘ ਰਾਜੂ)-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਲੰਘੇ ਦਿਨ ਯੂਨੀਵਰਸਿਟੀ ਦੇ ਸਥਾਨਕ ਕੈਂਪਸ, ਦਮਦਮਾ ਸਾਹਿਬ (ਤਲਵੰਡੀ ਸਾਬੋ) ਦਾ ਦੌਰਾ ਕੀਤਾ | ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਕੈਂਪਸ ਵਿੱਚ ਸਥਾਪਿਤ ਬਿਜ਼ਨਸ ਸਟੱਡੀਜ਼ ਵਿਭਾਗ, ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ, ਯਾਦਵਿੰਦਰਾ ਸਾਇੰਸਜ਼ ਵਿਭਾਗ, ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ ਅਤੇ ਸੋਸ਼ਲ ਸਾਇੰਸਜ਼ ਵਿਭਾਗਾਂ ਸਮੇਤ ਹੋਸਟਲਾਂ ਦਾ ਜਾਇਜ਼ਾ ਲਿਆ | ਉਨ੍ਹਾਂ ਵਲੋਂ ਇਸ ਮੌਕੇ ਵਿਭਾਗਾਂ ਦੇ ਸਟਾਫ਼ ਅਤੇ ਹੋਸਟਲਰ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਵਿਚਾਰ ਜਾਣੇ | ਇਸ ਦੌਰਾਨ ਉਨ੍ਹਾਂ ਪ੍ਰਬੰਧਕਾਂ ਨਾਲ ਵੱਖ-ਵੱਖ ਅਕਾਦਮਿਕ ਅਤੇ ਪ੍ਰਸ਼ਾਸਕੀ ਮਸਲਿਆਂ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਟਰੋਲਰ ਪ੍ਰੀਖਿਆਵਾਂ ਪ੍ਰੋਫੈਸਰ ਮਨੀਸ਼ ਕਪੂਰ ਅਤੇ ਐਡੀਸ਼ਨਲ ਕੰਟਰੋਲਰ ਪ੍ਰੀਖਿਆਵਾਂ ਪ੍ਰੋਫੈਸਰ ਅਨੂਪ ਠਾਕੁਰ ਵੀ ਮੌਜੂਦ ਰਹੇ | ਉਪ ਕੁਲਪਤੀ ਪ੍ਰੋ. ਜਗਦੀਪ ਸਿੰਘ ਨੇ ਕੈਂਪਸ ਡਾਇਰੈਕਟਰ ਪ੍ਰੋਫੈਸਰ ਅਮਨਦੀਪ ਸਿੰਘ ਅਤੇ ਵਿਭਾਗੀ ਮੁਖੀਆਂ ਪ੍ਰੋਫੈਸਰ ਨਵਦੀਪ ਗੋਇਲ, ਡਾ. ਨਰਿੰਦਰ ਕੌਰ, ਡਾ. ਪ੍ਰੀਤੀ ਬਾਂਸਲ, ਡਾ. ਸੰਦੀਪ ਰਾਣਾ ਤੇ ਡਾ. ਬਲਦੇਵ ਸਿੰਘ ਦੇ ਨਾਲ ਨਾਲ ਹੋਸਟਲ ਵਾਰਡਨ ਇੰਜੀ. ਲਖਵੀਰ ਸਿੰਘ ਸਮੇਤ ਹੋਰ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ | ਇਨ੍ਹਾਂ ਮੀਟਿੰਗਾਂ ਦੌਰਾਨ ਅਗਲੇ ਅਕਾਦਮਿਕ ਸੈਸ਼ਨ ਲਈ ਦਾਖਲਾ ਪ੍ਰਕਿਰਿਆ, ਪ੍ਰੀਖਿਆਵਾਂ ਦੀ ਯੋਜਨਾ ਅਤੇ ਵਿਦਿਆਰਥੀਆਂ ਲਈ ਹੋਰ ਬਿਹਤਰ ਅਕਾਦਮਿਕ ਮਾਹੌਲ ਸਿਰਜਣ ਸਬੰਧੀ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਦੌਰੇ ਦੇ ਸਮਾਪਨ ਮੌਕੇ ਉੱਪ ਕੁਲਪਤੀ ਪ੍ਰੋਫੈਸਰ ਜਗਦੀਪ ਸਿੰਘ, ਕੈਂਪਸ ਡਾਇਰੈਕਟਰ ਪ੍ਰੋਫੈਸਰ ਅਮਨਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਵਲੋਂ ਡਾ. ਸੰਦੀਪ ਰਾਣਾ ਦੀਆਂ ਪੁਸਤਕਾਂ 'ਸ਼ਹਿਰ-ਏ-ਜ਼ਾਤ' ਅਤੇ 'ਜ਼ਿੰਦਗੀ ਗੁਲਜ਼ਾਰ ਹੈ' ਨੂੰ ਲੋਕ ਅਰਪਣ ਕਰਦੇ ਹੋਏ ਲੇਖਕ ਨੂੰ ਮਿਆਰੀ ਲੇਖਣੀ ਲਈ ਵਧਾਈ ਦਿੱਤੀ ਗਈ |