ਤਲਵੰਡੀ ਸਾਬੋ, 4 ਮਈ (ਰਣਜੀਤ ਸਿੰਘ ਰਾਜੂ): ਚੋਣ ਕਮਿਸ਼ਨ ਵਲੋਂ ਅੱਜ ਐਲਾਨੇ ਪੰਜ ਰਾਜਾਂ ਦੇ ਵਿਧਾਨ ਸਭਾ ਚੋਣ ਨਤੀਜਿਆਂ ਮੁਤਾਬਿਕ ਪੱਛਮੀ ਬੰਗਾਲ 'ਚ ਇਤਿਹਾਸਿਕ ਜਿੱਤ ਦਰਜ਼ ਕਰਨ ਦੀ ਖ਼ੁਸ਼ੀ 'ਚ ਖੀਵੇ ਹੋਏ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਭਾਜਪਾ ਆਗੂਆਂ ਨੇ ਅੱਜ ਨਿਸ਼ਾਨ-ਏ-ਖ਼ਾਲਸਾ ਚੌਂਕ 'ਚ ਭਾਜਪਾ ਲੀਡਰਸ਼ਿਪ ਦੇ ਹੱਕ 'ਚ ਨਾਅਰੇਬਾਜ਼ੀ ਕਰਦਿਆਂ ਲੱਡੂ ਵੰਡ ਕੇ ਖ਼ੁਸ਼ੀ ਪ੍ਰਗਟਾਈ | ਭਾਜਪਾ ਮੰਡਲ ਪ੍ਰਧਾਨ ਦੇਵੀ ਦਿਆਲ ਦੀ ਅਗਵਾਈ ਹੇਠ ਇਕੱਤਰ ਹੋਏ ਭਾਜਪਾ ਵਰਕਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਪੱਛਮੀ ਬੰਗਾਲ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ 'ਚ ਵਿਸ਼ਵਾਸ ਪ੍ਰਗਟਾਉਂਦਿਆਂ ਪਾਰਟੀ ਦੇ ਹੱਕ 'ਚ ਬੇਮਿਸਾਲ ਫ਼ਤਵਾ ਦਿੱਤਾ ਹੈ, ਉੱਥੇ ਅਸਾਮ 'ਚ ਤੀਜੀ ਵਾਰ ਲੋਕਾਂ ਨੇ ਭਾਜਪਾ ਸਰਕਾਰ ਬਣਾ ਕੇ ਦਰਸਾ ਦਿੱਤਾ ਹੈ ਕਿ ਲੋਕ ਹੁਣ ਵਿਕਾਸ ਪੱਖੀ ਰਾਜਨੀਤੀ ਨੂੰ ਤਰਜੀਹ ਦੇਣ ਲੱਗ ਪਏ ਹਨ | ਆਗੂਆਂ ਨੇ ਪੁਡੂਚੇਰੀ 'ਚ ਵੀ ਦੂਜੀ ਵਾਰ ਭਾਜਪਾ ਗੱਠਜੋੜ ਸਰਕਾਰ ਬਣਨ 'ਤੇ ਖ਼ੁਸ਼ੀ ਪ੍ਰਗਟਾਈ ਤੇ ਕੇਰਲਾ 'ਚ ਪਹਿਲੀ ਵਾਰ ਭਾਜਪਾ ਦੇ ਵਿਧਾਇਕ ਬਣਨ ਨੂੰ ਸ਼ੁੱਭ ਸੰਕੇਤ ਦੱਸਦਿਆਂ ਕਿਹਾ ਕਿ ਜਿੱਥੇ ਆਉਣ ਵਾਲੇ ਸਮੇਂ 'ਚ ਕੇਰਲਾ 'ਚ ਬੰਗਾਲ ਵਾਲਾ ਇਤਿਹਾਸ ਦੁਹਰਾਇਆ ਜਾਵੇਗਾ, ਉੱਥੇ ਹੁਣ ਪੰਜਾਬ 'ਚ ਵੀ ਲੋਕ ਸਹਿਯੋਗ ਸਦਕਾ ਭਾਜਪਾ ਦੀ ਸਰਕਾਰ ਦੀ ਨੀਂਹ ਰੱਖੀ ਜਾਵੇਗੀ | ਇਸ ਮੌਕੇ ਭਾਜਪਾ ਜਨਰਲ ਸਕੱਤਰ ਯਸ਼ਪਾਲ ਡਿੰਪੀ ਨੇ ਪੱਛਮੀ ਬੰਗਾਲ, ਅਸਾਮ ਤੇ ਪੁਡੂਚੇਰੀ 'ਚ ਭਾਜਪਾ ਦੀ ਜਿੱਤ 'ਤੇ ਵਰਕਰਾਂ ਨੂੰ ਵਧਾਈ ਦਿੱਤੀ | ਲੱਡੂ ਵੰਡਣ ਮੌਕੇ ਉੱਪ ਪ੍ਰਧਾਨ ਸੋਮਨਾਥ, ਸੱਤਪਾਲ ਲਹਿਰੀ ਵਾਈਸ ਪ੍ਰਧਾਨ, ਭਗਵਾਨ ਦਾਸ ਗਰਗ ਸਹਾਇਕ ਜਨਰਲ ਸਕੱਤਰ, ਜਸਵਿੰਦਰ ਕੌਰ, ਪੂਨਮ ਰਾਣੀ ਤੇ ਰਜਨੀ ਕੌਰ ਆਗੂ ਮਹਿਲਾ ਮੋਰਚਾ, ਰਵੀ ਮਾਨ ਪ੍ਰਧਾਨ ਯੁਵਾ ਮੋਰਚਾ, ਟੇਕ ਚੰਦ, ਸੁਭਾਸ਼ ਚੰਦ, ਧਰਮਪਾਲ ਮਿੱਠੂ, ਜੰਗੀਰ ਸਿੰਘ, ਤਰਸੇਮ ਕੁਮਾਰ, ਦੁਰਗਾ ਦਾਸ ਸ਼ਰਮਾ, ਸੰਦੀਪ ਕੁਮਾਰ ਕਾਲੀ ਆਦਿ ਭਾਜਪਾ ਆਗੂ ਮੌਜੂਦ ਸਨ |
ਬੰਗਾਲ ਜਿੱਤ ਦੇ ਜਸ਼ਨ 'ਚ ਭਾਜਪਾ ਆਗੂਆਂ ਨੇ ਵੰਡੇ ਲੱਡੂ, ਕੀਤੀ ਨਾਅਰੇਬਾਜ਼ੀ <br/>
ਭਾਜਪਾ ਦੀ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡਦੇ ਹੋਏ ਭਾਜਪਾ ਆਗੂ |<br/>
05-05-2026