ਪਸ਼ੂਆਂ ਤੇ ਮਨੁੱਖੀ ਜੀਵਨ ਲਈ ਘਾਤਕ ਚਾਈਨਾ ਡੋਰ ਦਾ ਬਾਈਕਾਟ ਕਰਨਾ ਚਾਹੀਦੈ
ਅਜੀਤ ਡੈਸਕ
02-01-2026
ਚਾਈਨਾ ਡੋਰ ਇਨਸਾਨਾਂ, ਪੰਛੀਆਂ ਅਤੇ ਜਾਨਵਰਾਂ ਲਈ ਖ਼ਤਰਾ-ਜਗਮੀਤ ਮੱਕੜ
ਮਾਛੀਵਾੜਾ ਨਗਰ ਕੌਂਸਲ ਦੇ ਕੌਂਸਲਰ ਜਗਮੀਤ ਸਿੰਘ ਮੱਕੜ ਦਾ ਕਹਿਣਾ ਹੈ ਕਿ ਜਿਸ ਦਿਨ ਤੋਂ ਚਾਈਨਾ ਡੋਰ (ਖ਼ੂਨੀ ਡੋਰ) ਨੇ ਆਪਣੇ ਪੈਰ ਪਸਾਰੇ ਹਨ | ਉਸ ਦਿਨ ਤੋਂ ਇਹ ਸਿਰਫ਼ ਇਨਸਾਨਾਂ ਲਈ ਹੀ ਨਹੀਂ, ਸਗੋਂ ਪੰਛੀਆਂ ਅਤੇ ਜਾਨਵਰਾਂ ਲਈ ਵੀ ਵੱਡਾ ਖ਼ਤਰਾ ਪੈਦਾ ਹੈ ਗਿਆ ਹੈ |
ਮੌਤ ਵੰਡਣ ਵਾਲੀ ਚਾਈਨਾ ਡੋਰ ਨੂੰ ਦੁਕਾਨਦਾਰ ਨਾ ਵੇਚਣ-ਦਵਿੰਦਰ ਬਵੇਜਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਬਵੇਜਾ ਨੇ ਕਿਹਾ ਕਿ ਸਰਕਾਰ ਵਲੋਂ ਚਾਈਨਾ ਡੋਰ 'ਤੇ ਪਾਬੰਦੀ ਲਗਾਈ ਹੋਈ ਹੈ ਪਰ ਜ਼ਮੀਨੀ ਪੱਧਰ 'ਤੇ ਇਸ ਦੀ ਸਖ਼ਤੀ ਨਾਲ ਪਾਲਣਾ ਨਹੀਂ ਹੋ ਰਹੀ | ਮਾਛੀਵਾੜਾ ਸਾਹਿਬ ਦੀਆਂ ਕਈ ਥਾਵਾਂ ਉੱਪਰ ਗੁਪਤ ਤੌਰ 'ਤੇ ਇਸ ਦੀ ਵਿੱਕਰੀ ਵੱਡੇ ਪੱਧਰ 'ਤੇ ਜਾਰੀ ਹੈ | ਸਿਰਫ਼ ਕਾਨੂੰਨ ਹੀ ਨਹੀਂ, ਸਗੋਂ ਲੋਕਾਂ ਦੀ ਸੋਚ ਵਿਚ ਬਦਲਾਅ ਲਿਆਉਣਾ ਵੀ ਜ਼ਰੂਰੀ ਹੈ |
ਚਾਈਨਾ ਡੋਰ ਪਲਾਸਟਿਕ ਦੀ ਬਣੀ ਹੋਈ ਹੈ ਇਸ ਲਈ ਧਾਗੇ ਦੀ ਵਰਤੋ ਕਰੋ-ਰਾਜੇਸ਼ ਲੀਹਲ
ਭਾਜਪਾ ਦੇ ਸੀਨੀਅਰ ਆਗੂ ਰਾਜੇਸ਼ ਲੀਹਲ ਨੇ ਕਿਹਾ ਕਿ ਨੌਜਵਾਨ ਅਤੇ ਚਾਈਨਾ ਡੋਰ ਨਾਲ ਹੀ ਪਤੰਗ ਉਡਾਉਣ 'ਚ ਖ਼ੁਸ਼ੀ ਮਹਿਸੂਸ ਕਰਦੇ ਹਨ | ਪਰ ਉਨ੍ਹਾਂ ਦੀ ਖ਼ੁਸ਼ੀ ਜਾਨਵਰਾਂ, ਪੰਛੀਆਂ ਤੇ ਮਨੁੱਖਾਂ ਲਈ ਸਜ਼ਾ ਤੋਂ ਘੱਟ ਨਹੀਂ ਹੁੰਦੀ | ਚਾਈਨਾ ਡੋਰ ਪਲਾਸਟਿਕ ਦੀ ਬਣੀ ਹੋਈ ਹੈ | ਪਤੰਗਬਾਜ਼ਾਂ ਨੂੰ ਧਾਗੇ ਦੀ ਡੋਰ ਦੀ ਵਰਤੋਂ ਕਰ ਕੇ ਵਾਤਾਵਰਨ ਸੰਭਾਲ 'ਚ ਯੋਗਦਾਨ ਪਾਉਣਾ ਚਾਹੀਦਾ ਹੈ |
ਗੈਰ-ਜ਼ਿੰਮੇਵਾਰ ਲੋਕ ਚਾਰ ਪੈਸਿਆਂ ਦੀ ਖ਼ਾਤਰ ਇਸ ਡੋਰ ਨੂੰ ਵੇਚ ਰਹੇ-ਪਰਮਿੰਦਰ ਤਿਵਾੜੀ
ਬਲਾਕ ਕਾਂਗਰਸ ਮਾਛੀਵਾੜਾ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਕਿਹਾ ਕਿ ਪਤੰਗਬਾਜ਼ੀ ਇਕ ਪੁਰਾਤਨ ਸਭਿਆਚਾਰਕ ਖੇਡ ਹੈ ਜੋ ਸਦੀਆਂ ਤੋਂ ਮਨੋਰੰਜਨ ਅਤੇ ਮੌਜ-ਮਸਤੀ ਦਾ ਹਿੱਸਾ ਰਹੀ ਹੈ | ਪਰ ਚਾਈਨਾ ਡੋਰ ਦੀ ਵਜ੍ਹਾ ਨਾਲ ਇਹ ਖੇਡ ਆਪਣੀ ਅਸਲੀ ਸੁੰਦਰਤਾ ਗੁਆ ਰਹੀ ਹੈ |