ਖੰਨਾ, 31 ਜਨਵਰੀ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀ. ਐੱਚ. ਸੀ. ਮਾਨੂੰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੀਪ ਸਿੱਧੂ ਦੀ ਅਗਵਾਈ ਵਿਚ ਸੀ. ਐੱਚ. ਸੀ. ਮਾਨੂੰਪੁਰ ਅਧੀਨ ਪੈਂਦੇ ਸਿਹਤ ਕੇਂਦਰਾਂ ਵਿਖੇ ਵਿਸ਼ਵ ਕੁਸ਼ਟ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਗਾਏ ਗਏ | ਇਸ ਮੌਕੇ ਕੁਸ਼ਟ ਰੋਗੀ ਨਾਲ ਭੇਦ-ਭਾਵ ਰੋਕਣ ਲਈ ਯਤਨਸ਼ੀਲ ਰਹਿਣ ਦਾ ਪ੍ਰਣ ਲਿਆ ਗਿਆ | ਐੱਸ. ਐੱਮ. ਓ. ਡਾ. ਸੁਦੀਪ ਸਿੱਧੂ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਦਿਨ ਨੂੰ ਕੁਸ਼ਟ ਰੋਗ ਵਿਰੋਧੀ ਦਿਨ ਵਜੋਂ ਮਨਾਇਆ ਜਾਂਦਾ ਹੈ | ਕੁਸ਼ਟ ਰੋਗੀ ਨੂੰ ਛੂਹਣ ਨਾਲ, ਹੱਥ ਮਿਲਾਉਣ ਨਾਲ, ਖੇਡਣ ਜਾਂ ਨਾਲ ਕੰਮ ਕਰਨ ਨਾਲ ਕੁਸ਼ਟ ਰੋਗ ਨਹੀਂ ਫੈਲਦਾ | ਕੁਸ਼ਟ ਰੋਗ ਰੋਗਾਣੂਆਂ ਦੇ ਕਾਰਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਰੀਰ ਉੱਤੇ ਬਾਕੀ ਚਮੜੀ ਨਾਲੋਂ ਹਲਕੇ ਰੰਗ ਦਾ ਦਾਗ ਜਿਸ ਵਿਚ ਖਾਜ ਜਾਂ ਦਰਦ ਮਹਿਸੂਸ ਨਹੀਂ ਹੁੰਦਾ, ਅਜਿਹਾ ਦਾਗ ਕੁਸ਼ਟ ਰੋਗ ਹੋ ਸਕਦਾ ਹੈ | ਕੁਸ਼ਟ ਰੋਗ ਦਾ ਸਮੇਂ ਸਿਰ ਇਲਾਜ ਨਾ ਕਰਵਾਉਣ ਕਾਰਨ ਵਿਅਕਤੀ ਦੀ ਅਪਾਹਿਜਤਾ ਦਾ ਕਾਰਨ ਬਣ ਸਕਦਾ ਹੈ | ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਕੋਈ ਸ਼ਰਾਪ ਨਹੀਂ ਹੈ | ਇਸ ਦਾ ਇਲਾਜ ਸੰਭਵ ਹੈ ਅਤੇ ਮਰੀਜ਼ ਦਵਾਈਆਂ ਨਾਲ ਠੀਕ ਹੋ ਜਾਂਦਾ ਹੈ | ਕੁਸ਼ਟ ਰੋਗ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ | ਇਸ ਸਮੇਂ ਗੁਰਦੀਪ ਸਿੰਘ ਬੀ. ਈ. ਈ., ਅਰੁਣਦੀਪ ਕੌਰ, ਜਗਦੀਪ ਸਿੰਘ, ਮੁਨੀਸ਼ ਘੁਲਾਟੀ ਅਤੇ ਰੁਪਿੰਦਰ ਕੌਰ ਆਦਿ ਹਾਜ਼ਰ ਸਨ |