ਰਾੜਾ ਸਾਹਿਬ, 22 ਫਰਵਰੀ (ਸੁਖਵੀਰ ਸਿੰਘ ਚਣਕੋਈਆਂ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੁਹੰਮਦ ਸਦੀਕ ਦਾ ਰਾੜਾ ਸਾਹਿਬ ਤੋਂ ਇਕ ਬਿਆਨ ਅਖ਼ਬਾਰ ਵਿਚ ਛਪਿਆ ਸੀ ਕਿ ਸ਼ਹੀਦ ਭਗਤ ਸਿੰਘ ਦੀ ਪੱਗ ਦੇ ਰੰਗ ਵਰਗੀ ਪੱਗ ਬੰਨ੍ਹ ਕੇ ਭਗਤ ਸਿੰਘ ਨਹੀਂ ਬਣਿਆ ਜਾ ਸਕਦਾ, ਉਹ ਬਿਆਨ ਅਸਲ ਵਿਚ ਸਾਬਕਾ ਸਾਂਸਦ ਮੁਹੰਮਦ ਸਦੀਕ ਦਾ ਨਹੀ ਸੀ, ਸਗੋਂ ਉਹ ਬਿਆਨ ਮੇਰੇ ਵਲੋਂ ਦਿੱਤਾ ਗਿਆ ਸੀ | ਇਹ ਬਿਆਨ ਉਸ ਦਿਨ ਦਿੱਤਾ ਸੀ ਜਿਸ ਦਿਨ ਮੁਹੰਮਦ ਸਦੀਕ ਨੂੰ ਮੈਂ ਮਿਲਿਆ ਸੀ ਅਤੇ ਮੇਰੀ ਉਨ੍ਹਾਂ ਨਾਲ ਤਸਵੀਰ ਵੀ ਸੀ | ਪਰ ਮੇਰਾ ਬਿਆਨ ਕਿਸੇ ਭੁਲੇਖੇ ਕਰ ਕੇ ਉਨ੍ਹਾਂ ਦੇ ਨਾਮ 'ਤੇ ਛਪ ਗਿਆ ਸੀ | ਇਹ ਬਿਆਨ ਅੱਜ ਇੱਥੇ ਬਲਾਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਦਿੱਤਾ | ਉਨ੍ਹਾਂ ਕਿਹਾ ਕਿ ਸਾਬਕਾ ਸਾਂਸਦ ਮੁਹੰਮਦ ਸਦੀਕ ਰਾੜਾ ਸਾਹਿਬ ਲਾਗੇ ਇਕ ਸਮਾਗਮ ਵਿਚ ਸ਼ਿਰਕਤ ਕਰਨ ਪੁੱਜੇ ਸਨ ਅਤੇ ਮੈਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਇਹ ਬਿਆਨ ਮੇਰੇ ਵਲੋਂ ਦਿੱਤਾ ਗਿਆ ਸੀ |