ਖੰਨਾ, 23 ਫਰਵਰੀ (ਹਰਜਿੰਦਰ ਸਿੰਘ ਲਾਲ)-ਨਵਯੁਗ ਲਿਖਾਰੀ ਸਭਾ ਦੀ ਮਹੀਨਾਵਾਰ ਮੀਟਿੰਗ ਲਾਭ ਸਿੰਘ ਰੋਣੀ ਦੀ ਪ੍ਰਧਾਨਗੀ ਹੇਠ ਸੁਆਮੀ ਛਗਨ ਲਾਲ ਲਾਲਾ ਹੰਸਰਾਜ ਜੈਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਹੋਈ ਅੱਜ ਦੀ ਮੀਟਿੰਗ ਮਾਂ ਬੋਲੀ ਦਿਵਸ ਨੂੰ ਸਮਰਪਿਤ ਕੀਤੀ ਗਈ | ਡਾ. ਰਜਿੰਦਰ ਸਿੰਘ ਦੋਸਤ ਨੇ ਗੁਰਬਾਣੀ ਵਿਚੋਂ ਕਬੀਰ ਸਾਹਿਬ ਦੇ ਬਚਨਾਂ ਦੀ ਵਿਆਖਿਆ ਕਰਨ ਉਪਰੰਤ ਮੀਟਿੰਗ ਦੀ ਸ਼ੁਰੂਆਤ ਕਰਵਾਈ | ਸਟੇਜ ਸੰਚਾਲਕ ਸੁਖਦੇਵ ਰਾਮ ਸੁਖੀ ਨੇ ਮੀਟਿੰਗ ਵਿਚ ਸ਼ਾਮਿਲ ਸਾਹਿਤ ਪ੍ਰੇਮੀਆਂ ਨੂੰ ਰਚਨਾ ਪੇਸ਼ ਕਰਨ ਦਾ ਕ੍ਰਮਵਾਰ ਸੱਦਾ ਦਿੱਤਾ | ਗੁਰਨਾਮ ਸਿੰਘ ਰੁਪਾਣਾ ਨੇ ਕਹਾਣੀ 'ਦੋ ਪੈਰਾਂ ਵਾਲੇ ਡੰਗਰ' ਸੁਣਾਈ, ਮਲਕੀਤ ਸਿੰਘ ਵਾਲੀਆ ਨੇ ਕਹਾਣੀ ਸਰਦਾਰਾਂ ਦੀ ਕੁੱਤੀ' ਸੁਖਦੇਵ ਰਾਮ ਸੁਖੀ ਨੇ ਲੌਂਗੋਵਾਲ ਦੇ ਸ਼ਹੀਦਾਂ ਬਾਰੇ ਚਾਨਣ ਪਾਇਆ, ਮੋਹਨ ਘਈ ਨੇ ਕਵਿਤਾ ਪੇਸ਼ ਕੀਤੀ, ਡਾ. ਰਜਿੰਦਰ ਸਿੰਘ ਦੋਸਤ ਨੇ ਕਹਾਣੀ'ਮੰਗ ਪੱਤਰ', ਲਾਭ ਸਿੰਘ ਰੌਣੀ ਨੇ ਗੀਤ, ਰਾਮ ਕਮਲ ਨੇ ਕਵਿਤਾਵਾਂ, ਨੀਟਾ ਪੁੰਜ ਨੇ ਕਵਿਤਾ ਪੇਸ਼ ਕੀਤੀ | ਮਾਸਟਰ ਮਨਮੋਹਨ ਸਿੰਘ ਨੇ ਸਭਾ ਵਿੱਚ ਸਾਰੀਆਂ ਰਚਨਾਵਾਂ ਦਾ ਮੁਲਾਂਕਣ ਕਰਦੇ ਹੋਏ ਵਿਚਾਰ ਪੇਸ਼ ਕੀਤੇ | ਮੀਟਿੰਗ ਵਿੱਚ ਚਰਨਜੀਤ ਅਰੋੜਾ ਨੇ ਵਿਚਾਰ ਪੇਸ਼ ਕੀਤੇ, ਲੋਕ ਨਾਥ ਸ਼ਰਮਾ ਨੇ ਬਾਲ ਕਵਿਤਾ ਅਤੇ ਵਡਮੁੱਲੇ ਵਿਚਾਰ ਪੇਸ਼ ਕੀਤੇ | ਸਾਰੀਆਂ ਰਚਨਾਵਾਂ ਤੇ ਉਸਾਰੂ ਬਹਿਸ ਹੋਈ ਇਸ ਮੌਕੇ ਰਾਮ ਕਮਲ ਦੋਰਾਹਾ ਨੂੰ ਉਨ੍ਹਾਂ ਦੀਆਂ ਤਿੰਨ ਪੁਸਤਕਾਂ 'ਮੈਂ ਕੁੱਝ ਨਵਾਂ ਕਹਿਣੇ ਹੈ' 'ਜ਼ਿੰਦਗੀ ਦੀ ਧੁੱਪ ਛਾਂ' (ਪੰਜਾਬੀ ਵਿੱਚ) 'ਨਈ ਮੰਜ਼ਿਲ ਕੀ ਓਰ' (ਹਿੰਦੀ ਵਿੱਚ) ਦੇ ਲੋਕ ਅਰਪਣ ਕਰਨ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਤੇ ਨਵਯੁਗ ਲਿਖਾਰੀ ਸਭਾ ਖੰਨਾ ਵੱਲੋਂ ਸਨਮਾਨਿਤ ਕੀਤਾ ਗਿਆ | ਲਾਭ ਸਿੰਘ ਰੋਣੀ ਨੇ ਆਏ ਸਾਰੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਫੁਰਨਿਆਂ ਦੀ ਗਾਗਰ-4 ਲਈ ਕਵਿਤਾਵਾਂ ਦੇਣ ਲਈ ਸਾਰਿਆਂ ਨੂੰ ਅਪੀਲ ਕੀਤੀ |