ਪਾਇਲ, 23 ਫਰਵਰੀ (ਰਾਜਿੰਦਰ ਸਿੰਘ)-ਪੰਜਾਬੀ ਲਿਖਾਰੀ ਸਭਾ ਮਕਸੂਦੜਾ ਦੀ ਮਹੀਨਾਵਾਰ ਇਕੱਤਰਤਾ, ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿਖੇ, ਪ੍ਰਧਾਨ ਗੁਰਮੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਇਸ ਇਕੱਤਰਤਾ ਵਿੱਚ, ਸਭ ਤੋਂ ਪਹਿਲਾਂ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੇ ਮਾਤ ਭਾਸ਼ਾ ਦਿਵਸ ਦੇ ਇਤਿਹਾਸ 'ਤੇ ਚਾਨਣਾ ਪਾਇਆ | ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦੇ ਸੰਸਥਾਪਕ ਕੁਲਦੀਪ ਸਿੰਘ ਗਿੱਲ ਕਨੇਡਾ ਨੇ ਕਿਹਾ ਕਿ ਪੰਜਾਬੀ ਸਾਹਿਤ ਅਤੇ ਸ਼ਬਦ ਦਾ ਹਰ ਇੱਕ ਦੇ ਜੀਵਨ ਵਿੱਚ ਅਹਿਮ ਯੋਗਦਾਨ ਹੈ | ਪੰਜਾਬੀ ਲਿਖਾਰੀ ਸਭਾ ਮਕਸੂਦੜਾ ਵੱਲੋਂ ਨਗਰ ਨਿਵਾਸੀਆਂ ਨੂੰ ਕਿਤਾਬਾਂ ਨਾਲ ਜੋੜਨ ਦਾ ਉਪਰਾਲਾ, ਅਸਲ ਵਿੱਚ ਸ਼ਬਦ ਯੱਗ ਹੈ | ਉਨ੍ਹਾਂ ਨੇ ਲਾਇਬ੍ਰੇਰੀ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ, ਜਿੱਥੇ ਸਭਾ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ, ਓਥੇ ਲਾਇਬ੍ਰੇਰੀ ਦੀ ਇਮਾਰਤ ਨੂੰ ਨਵਿਆਉਣ ਅਤੇ ਹੋਰ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ | ਚਿੰਤਕ ਡਾਕਟਰ ਰਣਜੀਤ ਸਿੰਘ ਨੇ ਕਿਹਾ ਕਿ ਜਿਵੇਂ ਸਭਾ ਵੱਲੋਂ ਸਾਹਿਤਕ ਹਸਤੀਆਂ ਨਾਲ ਰੂ-ਬ-ਰੂ ਰਚਾਇਆ ਜਾਂਦਾ ਹੈ, ਓਵੇਂ ਸਮਾਜਿਕ ਮੁੱਦਿਆਂ, ਖ਼ਾਸ ਕਰਕੇ ਖੇਤੀ ਅਤੇ ਏ ਆਈ ਉਪਰ ਵੀ ਮਾਹਿਰਾਂ ਦੇ ਲੈਕਚਰ ਕਰਵਾਉਣੇ ਚਾਹੀਦੇ ਹਨ | ਪਿੰਡ ਦੇ ਸਾਬਕਾ ਸਰਪੰਚ ਜਸਵੰਤ ਸਿੰਘ ਭੰਦੋਹਲ ਨੇ, ਨਗਰ ਨਿਵਾਸੀਆਂ ਨੂੰ ਲਾਇਬ੍ਰੇਰੀ ਨਾਲ ਜੁੜਨ ਦੀ ਅਪੀਲ ਕੀਤੀ ਗਈ | ਰਚਨਾਵਾਂ ਦੇ ਦੌਰ ਵਿੱਚ ਬਲਿਹਾਰ ਸਿੰਘ ਗੋਬਿੰਦਗੜ੍ਹੀਆ, ਸੁਖਦੇਵ ਕੁੱਕੂ ਘਲੋਟੀ, ਜਗਦੇਵ ਮਕਸੂਦੜਾ, ਪ੍ਰੀਤ ਸਿੰਘ ਸੰਦਲ, ਗੁਰਮੀਤ ਸਿੰਘ ਗਿੱਲ, ਹਰਜੀਤ ਕੈੜੇ ਅਤੇ ਅਵਤਾਰ ਮਾਨ ਨੇ ਗੀਤ ਪੇਸ਼ ਕੀਤੇ | ਇਸ ਮੌਕੇ ਮੁਮਤਾਜ਼ ਅਲੀ ਘੁਡਾਣੀ, ਪ੍ਰਭਜੋਤ ਸਿੰਘ ਸਾਹਿਲ, ਦਰਸ਼ਨ ਦੋਰਾਹਾ ਅਤੇ ਜਗਦੀਪ ਜੰਡੂ ਹਾਜ਼ਰ ਸਨ |