• ਸੁਖਬੀਰ ਮਜ਼ਬੂਤੀ ਨਾਲ ਅੱਗੇ ਵਧ ਰਹੇ ਨੇ- ਗਰੇਵਾਲ
ਮਲੌਦ, 5 ਮਾਰਚ (ਸਹਾਰਨ ਮਾਜਰਾ)-ਸ਼੍ਰੋਮਣੀ ਅਕਾਲੀ ਦਲ ਦੇ ਕੌਰ ਕਮੇਟੀ ਮੈਂਬਰ, ਸਾਬਕਾ ਮੰਤਰੀ ਐਡਵੋਕੇਟ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਸਿੱਧਾ ਰਾਜਨੀਤਕ ਹਮਲਾ ਕਰਦਿਆਂ ਕਿਹਾ ਕਿ 'ਆਪ' ਤੇ ਕਾਂਗਰਸ ਵਲੋਂ ਰਲ ਕੇ ਖੇਡੇ ਜਾ ਰਹੇ ਸਿਆਸੀ ਮੈਚ ਨੂੰ ਲੋਕ ਮੂੰਹ ਨਹੀਂ ਲਗਾਉਣਗੇ, ਕਿਉਂਕਿ ਸੂਬੇ ਦੇ ਸਮਝਦਾਰ ਲੋਕਾਂ ਨੇ ਜਿੱਥੇ ਬਹੁਤ ਲੰਮਾਂ ਸਮਾਂ ਕਾਂਗਰਸ ਦੇ ਝੂਠੇ ਲਾਰਿਆਂ, ਸਿੱਖ ਪੰਥ ਅਤੇ ਕੌਮ ਨਾਲ ਧੱਕੇਸ਼ਾਹੀਆਂ ਅਤੇ ਭਿ੍ਸ਼ਟਾਚਾਰ ਦੀ ਰਾਜਨੀਤੀ ਨੂੰ ਬਹੁਤ ਨੇੜਿਓ ਹੰਢਾਇਆ ਹੈ, ਉੱਥੇ ਹੀ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਦੇ ਵੱਡੇ ਵਾਅਦੇ, ਦਾਅਵੇ ਕਰਨ ਵਾਲਿਆਂ ਆਪ ਪਾਰਟੀ ਨੇ ਬਦਲਾਅ ਦੇ ਨਾਮ ਤੇ ਸਭ ਕੁੱਝ ਬਦਲ ਕੇ ਰੱਖ ਦਿੱਤਾ | ਜਿਨ੍ਹਾਂ ਪੰਜਾਬ ਨੂੰ ਦਿੱਲੀ ਦੇ ਆਗੂਆਂ ਦੇ ਹੱਥਾਂ ਵਿੱਚ ਸੌਂਪ ਦਿੱਤਾ | ਉਨ੍ਹਾਂ ਸਵਾਲ ਕੀਤਾ ਕਿ ਆਪ ਵਾਲੇ ਖ਼ੁਦ ਹੀ ਦੱਸ ਦੇਣ ਕਿ ਸਰਕਾਰ ਵਲੋਂ ਪੰਜਾਬ ਵਿਚ ਬਦਲਿਆ ਕੀ ਹੈ, ਕਿਹੜੀਆਂ ਸਹੂਲਤਾਂ, ਰਾਹਤਾਂ ਦਿੱਤੀਆਂ ਨੇ, ਕੀ ਰਿਸ਼ਵਤਾਂ ਬੰਦ ਹੋ ਗਈਆਂ, ਗੈਰ ਕਾਨੂੰਨੀ ਮਾਈਨਿੰਗ ਰੁਕ ਗਈ?, ਕੀ ਲੋਕਾਂ ਦੇ ਘਰਾਂ ਵਿੱਚ ਕੰਮ ਹੋਣ ਲੱਗ ਪਏ?, ਕੀ ਥਾਣਿਆਂ ਵਿੱਚ ਹੁਣ ਲੋਕਾਂ ਨੂੰ ਇਨਸਾਫ਼ ਮਿਲਣ ਲੱਗ ਗਿਆ?, ਕੀ ਕਚਹਿਰੀਆਂ ਵਿਚ ਇਮਾਨਦਾਰੀ ਚੱਲ ਪਈ ਹੈ?, ਭਾਵ ਇਨ੍ਹਾਂ ਕੋਲ ਇਕ ਵੀ ਗੱਲ ਦਾ ਸਹੀ ਜੁਆਬ ਨਹੀਂ ਹੈ | ਸਭ ਕੁੱਝ ਉੱਥੇ ਹੀ ਹੈ | ਸਗੋਂ ਕਰਜ਼ੇ ਦੀ ਪੰਡ ਹੋਰ ਵਧਾ ਦਿੱਤੀ | ਗਰੇਵਾਲ ਨੇ ਕਿਹਾ ਕਿ ਸ਼੍ਰੋ. ਅ. ਦਲ ਵਲੋਂ ਸਰਬੱਤ ਦੇ ਭਲੇ, ਅਮਨ ਸ਼ਾਂਤੀ ਕਾਇਮ ਰੱਖਣ ਲਈ ਯਤਨ ਕੀਤੇ ਜਾਣਗੇ, ਬੰਦੀ ਸਿੰਘਾਂ ਦੀ ਰਿਹਾਈ ਤੋਂ ਇਲਾਵਾ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਲਈ ਲਗਾਤਾਰ ਯਤਨ ਕੀਤੇ ਜਾਣਗੇ | ਉਨ੍ਹਾਂ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਓ 2027 ਵਿਧਾਨ ਸਭਾ ਚੋਣਾਂ ਵਿੱਚ 'ਆਪ', ਕਾਂਗਰਸ ਅਤੇ ਭਾਜਪਾ ਨੂੰ ਨੁੱਕਰੇ ਲਗਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ | ਇਸ ਮੌਕੇ ਯੂਥ ਵਿੰਗ ਦੇ ਕੌਮੀ ਆਗੂ ਚੇਅਰਮੈਨ ਵਰਿੰਦਰਪ੍ਰੀਤ ਸਿੰਘ ਵਿੱਕੀ ਬੇਰ ਕਲਾਂ, ਕੌਮੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੌਲਤਪੁਰ ਅਤੇ ਕੌਮੀ ਬੁਲਾਰੇ ਤੇ ਕੌਰ ਕਮੇਟੀ ਮੈਂਬਰ ਜਗਦੀਪ ਸਿੰਘ ਲਹਿਲ ਵੀ ਹਾਜ਼ਰ ਸਨ |
'ਆਪ' ਤੇ ਕਾਂਗਰਸ ਵਲੋਂ ਰਲ ਕੇ ਖੇਡੇ ਜਾ ਰਹੇ ਸਿਆਸੀ ਮੈਚ ਨੂੰ ਲੋਕ ਮੂੰਹ ਨਹੀਂ ਲਗਾਉਣਗੇ
ਅਜੀਤ ਡੈਸਕ
06-03-2026