ਮਾਛੀਵਾੜਾ ਸਾਹਿਬ, 9 ਮਾਰਚ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਵਿਖੇ ਪਿ੍ੰਸੀਪਲ ਡਾ. ਰਜਿੰਦਰ ਕੌਰ ਦੀ ਅਗਵਾਈ, ਅਸਿ. ਪ੍ਰੋ. ਸ਼ਰਣਬੀਰ ਸਿੰਘ ਸੋਮਲ ਅਤੇ ਸੁਖਵੀਰ ਸਿੰਘ ਦੀ ਨਿਗਰਾਨੀ ਅਧੀਨ ਕਾਲਜ ਦੇ ਐਨ. ਐੱਸ. ਐੱਸ. ਯੂਨਿਟ ਦੇ ਪ੍ਰੋਗਰਾਮ ਅਫ਼ਸਰ ਜਸਵੀਰ ਕੌਰ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਹਰਪ੍ਰੀਤ ਕੌਰ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਅਥਲੈਟਿਕ ਮੀਟ ਕਰਵਾਈ ਗਈ ਜਿਸ ਵਿਚ ਕਾਲਜ ਵਿਦਿਆਰਥਣਾਂ ਨੇ ਵੱਖ-ਵੱਖ ਖੇਡ ਮੁਕਾਬਲਿਆਂ 'ਚ ਭਾਗ ਲਿਆ | ਸਭ ਤੋਂ ਪਹਿਲਾਂ ਕਾਲਜ ਦੇ ਮਿਊਜ਼ਿਕ ਵਿਭਾਗ ਵਲੋਂ ਸ਼ਬਦ ਗਾਇਨ ਕੀਤਾ ਗਿਆ | ਇਸ ਤੋਂ ਬਾਅਦ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਕੈਪਟਨ ਸੰਦੀਪ ਕੁਮਾਰ ਐਨ. ਡੀ. ਏ. ਕੋਆਰਡੀਨੇਟਰ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਸ਼੍ਰੋ.ਗੁ.ਪ੍ਰ.ਕਮੇਟੀ, ਪਟਿਆਲਾ, ਅਫ਼ਸਰ 23-ਪੰਜਾਬ ਬਟਾਲੀਅਨ ਐਨ. ਸੀ. ਸੀ., ਪ੍ਰੋਫੈਸਰ ਐਂਡ ਐੱਚ. ਓ. ਡੀ. ਰੱਖਿਆ ਅਤੇ ਰਣਨੀਤੀ ਅਧਿਐਨ ਨੇ ਕਾਲਜ ਦੀਆਂ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਵਲੋਂ ਕੀਤੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਵਿਦਿਆਰਥਣਾਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਦਿੱਤੀ ਅਤੇ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਨਿੱਤ-ਨੇਮ 'ਚ ਖੇਡਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਦਿਆਂ ਭਵਿੱਖ 'ਚ ਐਨ. ਡੀ. ਏ. ਦੇ ਖੇਤਰ ਨਾਲ ਜੁੜਨ ਲਈ ਪ੍ਰੇਰਿਆ | ਖੇਡਾਂ ਦੇ ਖੇਤਰ 'ਚ ਵਿਸ਼ੇਸ਼ ਮਾਣਮੱਤੀਆਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਜਸਮੀਨ ਕੌਰ, ਸਿਮਰਨਪ੍ਰੀਤ ਕੌਰ, ਪ੍ਰਭਜੋਤ ਕੌਰ, ਕਿਰਨਦੀਪ, ਗਗਨਦੀਪ ਕੌਰ ਅਤੇ ਹਰਮਨਜੋਤ ਕੌਰ ਨੇ ਮਸ਼ਾਲ ਜਗਾਉਣ ਦੀ ਰਸਮ ਅਦਾ ਕੀਤੀ | ਬੀ. ਏ. ਭਾਗ ਦੂਜਾ ਦੀ ਵਿਦਿਆਰਥਣ ਹਰਮਨਜੀਤ ਕੌਰ ਨੇ ਸਮੂਹ ਖਿਡਾਰਨਾਂ ਵਲੋਂ ਖੇਡ ਭਾਵਨਾ ਨਾਲ ਮੁਕਾਬਲਿਆਂ 'ਚ ਭਾਗ ਲੈਣ ਦੀ ਸਹੁੰ ਚੁੱਕੀ | ਮੁੱਖ ਮਹਿਮਾਨ ਵਲੋਂ ਸ਼ਾਂਤੀ ਅਤੇ ਆਜ਼ਾਦੀ ਦੇ ਪ੍ਰਤੀਕ ਕਬੂਤਰ ਉਡਾ ਕੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ | ਉਪਰੰਤ ਡਾ. ਰਣਜੀਤ ਕੌਰ ਮੁਖੀ ਹੋਮ ਸਾਇੰਸ ਵਿਭਾਗ ਨੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ | 100 ਮੀ., 200 ਮੀ., 800 ਮੀ. ਰਿਲੇਅ ਰੇਸ, ਸ਼ਾਟਪੁੱਟ, ਡਿਸਕਸ ਥਰੋਅ, ਜੈਵਲਿਨ ਥਰੋਅ, ਲੰਮੀ ਛਾਲ, ਰੱਸੀ ਟੱਪਦੇ ਹੋਏ ਦੌੜ, ਤਿੰਨ ਟੰਗੀ ਦੌੜ, ਲੈਮਨ ਐਂਡ ਸਪੂਨ ਰੇਸ, ਰੱਸਾਕਸ਼ੀ, ਸੈਕ ਰੇਸ ਆਦਿ ਖੇਡ ਮੁਕਾਬਲੇ ਕਰਵਾਏ ਗਏ | ਅੰਤ 'ਚ ਡਾ. ਮਹੀਪਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ |