ਮਲੌਦ 3 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਸਾਬਕਾ ਜ਼ਿਲ੍ਹਾ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ, ਜਥੇਦਾਰ ਗੁਰਜੀਤ ਸਿੰਘ ਪੰਧੇਰ ਖੇੜੀ, ਮੁਖ ਬੁਲਾਰੇ ਕੰਵਰਦੀਪ ਸਿੰਘ ਜੱਗੀ, ਜਥੇਦਾਰ ਪਿ੍ਤਪਾਲ ਸਿੰਘ ਝਮਟ, ਜਥੇਦਾਰ ਦੇਵਿੰਦਰ ਸਿੰਘ ਟਿੰਬਰਵਾਲ ਅਤੇ ਬਲਾਕ ਸੰਮਤੀ ਦੇ ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਿਤ ਮੈਂਬਰਾਂ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆ ਕਿਹਾ ਕਿ ਬਲਾਕ ਸੰਮਤੀ ਮਲੌਦ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੀ ਚੋਣ ਨੇ ਹੋਂਦ ਚਿੱਲੜ ਕਾਂਡ ਦੇ ਨਾਮ ਉੱਪਰ ਸਿਆਸੀ ਮੈਦਾਨ ਵਿੱਚ ਆਏ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਜਿਸ ਕਾਂਗਰਸ ਪਾਰਟੀ ਨੂੰ ਉਹ ਬਲਿਊ ਸਟਾਰ ਅਪਰੇਸ਼ਨ ਅਤੇ ਹੋਂਦ ਚਿੱਲੜ ਕਾਡ ਕਰਵਾਉਣ ਵਾਲੀ ਸਿੱਖਾਂ ਦੀ ਦੁਸਮਣ ਪਾਰਟੀ ਕਹਿੰਦੇ ਸਨ, ਉਸੇ ਪਾਰਟੀ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਜਿਹਨਾਂ ਉੱਪਰ ਬਾਹੋਮਾਜਰਾ ਨਕਲੀ ਸ਼ਰਾਬ, ਨਸ਼ੇ ਵਿਕਾਉਣ ਅਤੇ ਸੈਂਕੜੇ ਏਕੜ ਜ਼ਮੀਨ ਇਕੱਠੀ ਕਰਨ ਦੇ ਦੋਸ਼ ਲਗਾਉਂਦੇ ਰਹੇ ਹਨ | ਕੀ ਉਹ ਸਿਆਸੀ ਡਰਾਮੇਬਾਜ਼ੀ ਸੀ, ਕਿਉਂਕਿ ਇਸ ਚੋਣ ਨੇ ਹੋਂਦ ਚਿੱਲੜ ਦੇ ਨਾਮ ਉੱਪਰ ਸਿਆਸਤ ਕਰਨ ਵਾਲਿਆ ਦੀ ਹੋਂਦ ਚਿੱਲੜ ਕਰਵਾਉਣ ਵਾਲੀ ਪਾਰਟੀ ਨਾਲ ਪਈ ਸਾਂਝ ਨੇ ਸਾਰੇ ਪਰਦੇ ਚੁੱਕ ਦਿੱਤੇ ਹਨ | ਜਦੋਂ ਕਿ ਸਾਡੇ 6 ਮੈਂਬਰ ਚਟਾਨ ਵਾਂਗ ਸ਼ੋ੍ਰਮਣੀ ਅਕਾਲੀ ਦਲ ਦੀ ਹਾਈਕਮਾਂਡ ਦੇ ਫ਼ੈਸਲੇ ਉੱਪਰ ਅਖੀਰ ਤੱਕ ਡਟੇ ਰਹੇ ਹਨ | ਅਕਾਲੀ ਆਗੂਆਂ ਨੇ ਗਿਆਸਪੁਰਾ ਨੂੰ ਸੁਆਲ ਕਰਦਿਆ ਕਿਹਾ ਕਿ ਕਾਂਗਰਸ ਦੇ ਸੰਮਤੀ ਮੈਂਬਰ 'ਤੇ ਪਰਚਾ ਕਿਸ ਨੇ ਕਰਵਾਇਆ, ਸਾਡੇ ਮੈਂਬਰਾਂ ਨੂੰ ਕੋਣ ਪਰਚਿਆ ਦੇ ਡਰਾਵੇ ਦਿੰਦਾ ਰਿਹਾ | ਬਾਰ ਬਾਰ ਚੋਰ ਮੋਰੀ ਰਾਹੀ ਚੋਣ ਮੀਟਿੰਗਾਂ ਕਿਸ ਦੇ ਕਹਿਣ 'ਤੇ ਰੱਦ ਹੰੁਦੀਆਂ ਰਹੀਆ, ਜਿਨ੍ਹਾਂ ਚੋਣਾਂ ਨੂੰ ਨਿਰਪੱਖ ਕਰਨ ਦੇ ਉਹ ਦਮਗਜੇ ਮਾਰਦੇ ਹਨ | ਉਨ੍ਹਾਂ ਚੋਣਾ ਵਿੱਚ ਬਤੌਰ ਰਿਟਰਨਿੰਗ ਅਫ਼ਸਰ ਕੰਮ ਕਰਨ ਵਾਲੇ ਉਸ ਅਧਿਕਾਰੀ ਦੀ ਬਦਲੀ ਕਿਹੜੇ ਦੋਸ਼ ਲਾ ਕੇ ਕਰਵਾਈ | ਜਿਸ ਨੇ ਪੂਰੇ ਪਾਰਦਰਸ਼ੀ ਢੰਗ ਨਾਲ ਸਾਰੀਆਂ ਚੋਣਾ ਕਰਵਾਈਆਂ ਜਿਸ ਦੀ ਪੂਰੇ ਪਾਇਲ ਹਲਕੇ ਦੇ ਲੋਕ ਅਤੇ ਸਾਰੇ ਅਦਾਰਿਆਂ ਦਾ ਸਟਾਫ਼ ਸਰਾਹਨਾ ਕਰਦਾ ਹੈ |