ਬੀਜਾ, 3 ਅਪ੍ਰੈਲ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)-ਡੇਅਰੀ ਵਿਕਾਸ ਵਿਭਾਗ ਵਲੋਂ ਚਲਾਏ ਜਾ ਰਹੇ 2 ਹਫ਼ਤੇ ਦੀ ਡੇਅਰੀ ਸਿਖਲਾਈ ਕੋਰਸ ਦੇ ਸਮਾਪਤ ਹੋਣ ਤੋਂ ਬਾਅਦ ਸਿੱਖਿਆਰਥੀਆਂ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਬੀਜਾ ਵਿਖੇ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ | ਸੀਨੀਅਰ ਕਾਰਜਕਾਰੀ ਅਫਸਰ-ਕਮ-ਇੰਚਾਰਜ ਡੇਅਰੀ ਸਿਖਲਾਈ ਕੇਂਦਰ, ਬੀਜਾ ਦਲਬੀਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ, ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਵਰਿਆਮ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਵਿਭਾਗ ਵਲੋਂ ਸਿੱਖਿਆਰਥੀਆਂ ਲਈ ਚਲਾਏ ਜਾ ਰਹੇ 2 ਹਫ਼ਤੇ ਦੇ ਡੇਅਰੀ ਸਿਖਲਾਈ ਕੋਰਸ ਦਾ ਸਮਾਪਨ 28 ਮਾਰਚ 2026 ਨੂੰ ਹੋ ਗਿਆ ਸੀ | ਉਨ੍ਹਾਂ ਦੱਸਿਆ ਕਿ ਕੋਰਸ ਮੁਕੰਮਲ ਹੋਣ ਤੋਂ ਬਾਅਦ ਸਿੱਖਿਆਰਥੀਆਂ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਬੀਜਾ ਵਿਖੇ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ | ਇਸ ਮੌਕੇ ਉਨ੍ਹਾਂ ਭਾਗ ਲੈਣ ਵਾਲੇ ਸਿੱਖਿਆਰਥੀਆਂ ਨੂੰ ਵਿਭਾਗੀ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੱਸਿਆ ਕਿ ਜਨਰਲ ਜਾਤੀ ਨੂੰ 25 ਪ੍ਰਤੀਸ਼ਤ ਅਤੇ ਅਨੁਸੂਚਿਤ ਜਾਤੀ ਦੇ ਸਿੱਖਿਆਰਥੀ ਨੂੰ 33 ਪ੍ਰਤੀਸ਼ਤ ਸਬਸਿਡੀ ਦਿਵਾਈ ਜਾਵੇਗੀ | ਉਨ੍ਹਾਂ ਇਲਾਕੇ ਦੇ ਬੇਰੁਜ਼ਗਾਰ ਮੁੰਡੇ-ਕੁੜੀਆਂ ਨੂੰ ਵੀ ਡੇਅਰੀ ਵਿਕਾਸ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ | ਸੀਨੀਅਰ ਕਾਰਜਕਾਰੀ ਅਫਸਰ-ਕਮ-ਇੰਚਾਰਜ ਡੇਅਰੀ ਸਿਖਲਾਈ ਕੇਂਦਰ, ਬੀਜਾ ਦਲਬੀਰ ਕੁਮਾਰ ਨੇ ਦੱਸਿਆ ਕਿ ਦੁੱਧ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਵਿਭਾਗ ਵਲੋਂ ਸ਼ਹਿਰਾਂ ਵਿੱਚ ਮੋਬਾਈਲ ਵੈਨ ਰਾਹੀ ਕੈਂਪ ਵੀ ਲਗਾਏ ਜਾ ਰਹੇ ਹਨ | ਇਸ ਮੌਕੇ ਹਰਵਿੰਦਰ ਸਿੰਘ ਕਲਰਕ, ਹਰਿੰਦਰ ਸਿੰਘ ਸਟੈਨੋ-ਟਾਈਪਿਸਟ ਵੀ ਹਾਜ਼ਰ ਸਨ |