ਸਮਰਾਲਾ, 3 ਅਪ੍ਰੈਲ (ਕੁਲਵਿੰਦਰ ਸਿੰਘ)-ਸਮਰਾਲਾ ਇਲਾਕੇ ਦੇ ਉੱਘੇ ਸੁਤੰਤਰਤਾ ਸੰਗਰਾਮੀ ਅਤੇ ਕਿਸਾਨ ਆਗੂ ਕਾਮਰੇਡ ਜਗਜੀਤ ਸਿੰਘ ਬਾਗ਼ੀ ਜੋ ਨਜ਼ਦੀਕੀ ਪਿੰਡ ਕੋਟਲਾ ਸਮਸ਼ਪੁਰ ਦੇ ਜੰਮਪਲ ਸਨ, ਜਿਨ੍ਹਾਂ ਆਪਣੀ ਜ਼ਿੰਦਗੀ ਦੇ ਕੀਮਤੀ ਪਲ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਨਾਲ ਮੱਥਾ ਲਾਇਆ ਅਤੇ ਦੱਬੇ ਕੁਚਲੇ ਕਿਸਾਨਾਂ-ਮਜ਼ਦੂਰਾਂ ਦੇ ਹੱਕ ਵਿੱਚ ਕਸ਼ਟ ਝੱਲੇ ਅਤੇ ਜੇਲ੍ਹ ਵੀ ਕੱਟੀ | ਉਨ੍ਹਾਂ ਦੀ ਯਾਦ ਨੂੰ ਸਮਰਪਿਤ ਭਿ੍ਸ਼ਟਾਚਾਰ ਵਿਰੋਧੀ ਫ਼ਰੰਟ ਸਮਰਾਲਾ ਅਤੇ ਕੰਗ ਪਰਿਵਾਰ ਵੱਲੋਂ ਫ਼ਰੰਟ ਦੇ ਦਫ਼ਤਰ 'ਬਾਗ਼ੀ ਭਵਨ' ਵਿਖੇ ਸੈਮੀਨਾਰ 6 ਅਪ੍ਰੈਲ ਦਿਨ ਸੋਮਵਾਰ ਨੂੰ ਸਵੇਰੇ 10.30 ਵਜੇ ਕੀਤਾ ਜਾ ਰਿਹਾ ਹੈ | ਇਸ ਸਬੰਧੀ ਦੀਪ ਦਿਲਬਰ, ਇੰਦਰਜੀਤ ਸਿੰਘ ਕੰਗ ਅਤੇ ਦਵਿੰਦਰ ਸਿੰਘ ਜਟਾਣਾ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਮੁੱਖ ਬੁਲਾਰੇ ਦੇ ਤੌਰ 'ਤੇ ਹਮੀਰ ਸਿੰਘ (ਉੱਘੇ ਚਿੰਤਕ) ਜੋ ਪੰਜਾਬ ਦੀ ਅਜੋਕੀ ਰਾਜਨੀਤੀ, ਰਾਜਨੀਤਕ ਪਾਰਟੀਆਂ ਦੀ ਪੰਜਾਬ ਪ੍ਰਤੀ ਦੇਣ ਅਤੇ ਅਰਥਚਾਰਾ ਵਿਸ਼ੇ 'ਤੇ ਅਤੇ ਜਤਿੰਦਰ ਪੰਨੂ (ਸੀਨੀਅਰ ਪੱਤਰਕਾਰ) ਜੋ ਈਰਾਨ-ਅਮਰੀਕਾ-ਇਜ਼ਰਾਈਲ ਜੰਗ ਦਾ ਵਿਸ਼ਵ ਵਿਆਪੀ ਪ੍ਰਭਾਵ ਅਤੇ ਜਗਜੀਤ ਸਿੰਘ ਬਾਗ਼ੀ ਦੀ ਸੋਚ ਬਾਰੇ ਆਪਣੇ ਵਿਚਾਰ ਰੱਖਣਗੇ | ਇਨ੍ਹਾਂ ਤੋਂ ਇਲਾਵਾ ਸੈਮੀਨਾਰ ਵਿਚ ਸ਼ਾਮਲ ਹੋਰ ਬੁੱਧੀਜੀਵੀ ਅਤੇ ਸੂਝਵਾਨ ਸ਼ਖ਼ਸੀਅਤਾਂ ਆਪਣੇ ਵਿਚਾਰ ਸਾਂਝੇ ਕਰਨਗੀਆਂ | ਇਸ ਮੌਕੇ ਭਿ੍ਸ਼ਟਾਚਾਰ ਵਿਰੋਧੀ ਫ਼ਰੰਟ ਸਮਰਾਲਾ ਦੇ ਸਰਪ੍ਰਸਤ ਕਮਾਡੈਂਟ ਰਸ਼ਪਾਲ ਸਿੰਘ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਕੀਤੀ ਸੇਵਾਵਾਂ ਬਦਲੇ 'ਲਾਈਫ਼ ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਪੰਜਾਬ ਅਤੇ ਦੁਨੀਆਂ ਪ੍ਰਤੀ ਚਿੰਤਕ ਸੋਚ ਰੱਖਣ ਵਾਲੀਆਂ ਸ਼ਖ਼ਸੀਅਤਾਂ ਨੂੰ ਇਸ ਸੈਮੀਨਾਰ ਵਿਚ ਭਾਗ ਲੈਣ ਦੀ ਅਪੀਲ ਕੀਤੀ | ਇਸ ਮੌਕੇ ਅਮਰਜੀਤ ਸਿੰਘ ਬਾਲਿਓ, ਕਰਮਜੀਤ ਸਿੰਘ ਕੰਗ ਯੂ. ਐੈੱਸ. ਏ., ਦਰਸ਼ਨ ਸਿੰਘ ਕੰਗ, ਕਾਮਰੇਡ ਭਜਨ ਸਿੰਘ, ਸ਼ਵਿੰਦਰ ਸਿੰਘ, ਸੁਰਿੰਦਰ ਕੁਮਾਰ, ਮਾ. ਪ੍ਰੇਮ ਨਾਥ, ਘੋਲਾ, ਰਜਿੰਦਰ ਸਿੰਘ ਆਦਿ ਹਾਜ਼ਰ ਸਨ |