'ਆਪ' ਸਰਕਾਰ ਦੇ ਆਗੂ ਝੂਠੀਆਂ ਤਸੱਲੀਆਂ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ-ਸਿਮਕ
ਅਜੀਤ ਡੈਸਕ
06-04-2026
ਡੇਹਲੋਂ, 5 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਆਰੰਭੇ ਘਰ-ਘਰ ਮਿਲਣੀ ਪ੍ਰੋਗਰਾਮ ਨੂੰ ਉਸ ਸਮੇਂ ਬੱਲ ਮਿਲਿਆ, ਜਦੋਂ ਪਿੰਡ ਕੋਟਆਗਾਂ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਵਿਚ ਵਾਪਸੀ ਕਰਦਿਆਂ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਦਾ ਦਾਅਵਾ ਪ੍ਰਗਟ ਕੀਤਾ | ਇਸ ਸਮੇਂ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਨੇ ਸਿਰੋਪਾਓ ਨਾਲ ਸਵਾਗਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਮੂਹ ਵਰਗਾਂ ਦੇ ਲੋਕਾਂ ਦਾ ਆਪ-ਮੁਹਾਰੇ ਜੁੜਨਾ ਸਾਬਤ ਕਰਦਾ ਹੈ, ਕਿ ਸੂਝਵਾਨ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ | ਇਸ ਸਮੇਂ ਸਾਬਕਾ ਸਰਪੰਚ ਪਰਮਜੀਤ ਸਿੰਘ ਕੋਟਆਗਾਂ, ਜੀਤ ਸਿੰਘ ਕੋਟਆਗਾਂ, ਜਗਜੀਤ ਸਿੰਘ ਕੋਟਆਗਾਂ ਦਾ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਹਲਕਾ ਇੰਚਾਰਜ ਸਿਮਕ ਨੇ ਕਿਹਾ ਕਿ ਪਾਰਟੀ ਅੰਦਰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ | ਹਲਕਾ ਇੰਚਾਰਜ ਸਿਮਕ ਨੇ ਕਿਹਾ ਕਿ ਆਪ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਸਾਰੇ ਵਰਗਾਂ ਦੇ ਲੋਕ ਦੁਖੀ ਹੋਏ ਹਨ ਕਿਉਂਕਿ ਸੂਬੇ ਅੰਦਰ ਅਮਨ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀ ਹੈ | ਸਗੋਂ ਹਰ ਦਿਨ ਕਤਲੋ-ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਅਤੇ ਆਪ ਆਗੂ ਝੂਠੀਆਂ ਤਸੱਲੀਆਂ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ | ਹਲਕਾ ਇੰਚਾਰਜ ਸਿਮਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਵਿਰੋਧੀਆਂ ਪਾਰਟੀਆਂ ਨੂੰ ਭਾਵੇਂ ਹਜ਼ਮ ਨਹੀ ਹੋ ਰਹੀ, ਪਰ ਪਾਰਟੀ ਵਰਕਰਾਂ ਦੇ ਹੌਸਲੇ ਬੁਲੰਦ ਹੋਏ ਹਨ ਕਿਉਂਕਿ ਸਾਰੇ ਵਰਗਾਂ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਚੱਲਣ ਦਾ ਮਨ ਬਣਾ ਲਿਆ ਹੈ ਅਤੇ ਟਕਸਾਲੀ ਆਗੂਆਂ ਨੂੰ ਬਣਦਾ ਸਤਿਕਾਰ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਸਾਰੇ ਵਰਗਾਂ ਦੇ ਲੋਕ ਨਿਰਾਸ਼ ਨਜ਼ਰ ਆ ਰਹੇ ਹਨ, ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ | ਹਲਕਾ ਇੰਚਾਰਜ ਸਿਮਕ ਨੇ ਦਾਅਵਾ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬੇ ਅੰਦਰ ਕੀਤੀਆਂ ਜਾ ਰਹੀਆਂ ਰੈਲੀਆਂ ਦੌਰਾਨ ਸਾਰੇ ਵਰਗਾਂ ਦੇ ਲੋਕਾਂ ਦਾ ਆਪ ਮੁਹਾਰੇ ਕਾਫ਼ਲਿਆਂ ਦੇ ਰੂਪ ਵਿੱਚ ਸ਼ਾਮਿਲ ਹੋਣਾ ਸਾਬਤ ਕਰਦਾ ਹੈ, ਕਿ ਲੋਕ ਵਿਕਾਸ ਕਰਨ ਵਾਲੀ ਸਰਕਾਰ ਬਣਾਉਣਾ ਲੋਚਦੇ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਬਾਅਦ ਹਲਕਾ ਗਿੱਲ ਦਾ ਸਰਬਪੱਖੀ ਵਿਕਾਸ ਹੋਵੇਗਾ ਤੇ ਹਰ ਵਰਗ ਨੂੰ ਬਣਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ | ਇਸ ਸਮੇਂ ਸਰਕਲ ਪ੍ਰਧਾਨ ਹਰਦੀਪ ਸਿੰਘ ਮਨਸੂਰਾਂ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ, ਨੰਬਰਦਾਰ ਸੰਤੋਖ ਸਿੰਘ ਕਾਲਖ, ਨੰਬਰਦਾਰ ਜਗਜੀਤ ਸਿੰਘ ਸਮੇਤ ਹੋਰ ਹਾਜ਼ਰ ਸਨ |