ਇੰਗਲੈਂਡ ਦੀ ਧਰਤੀ ਤੋਂ ਪੰਜਾਬ ਪਹੁੰਚੀਆਂ 2 ਕਰਾਟਿਆਂ ਦੀਆਂ ਜੇਤੂ ਲੜਕੀਆਂ ਨੂੰ ਮੰਤਰੀ ਮੁੰਡੀਆਂ ਨੇ ਕੀਤਾ ਸਨਮਾਨਿਤ
ਅਜੀਤ ਡੈਸਕ
06-04-2026
ਸਾਹਨੇਵਾਲ, 5 ਅਪ੍ਰੈਲ (ਹਨੀ ਚਾਠਲੀ)-ਪਿਛਲੇ ਦਿਨੀਂ ਇੰਗਲੈਂਡ ਦੀ ਸਰਕਾਰ ਵਲੋਂ ਛੋਟੇ ਬੱਚਿਆਂ ਦੀਆਂ ਕਰਵਾਈਆਂ ਗਈਆਂ ਖੇਡਾਂ ਦੌਰਾਨ ਇੰਗਲੈਂਡ ਵਿਖੇ ਰਹਿ ਰਹੀਆਂ ਪੰਜਾਬ ਦੀਆਂ 2 ਛੋਟੀਆਂ ਲੜਕੀਆਂ ਨੇ ਇਨ੍ਹਾਂ ਖੇਡੇ ਗਏ ਕਰਾਟਿਆਂ ਦੇ ਮੈਚ ਦੌਰਾਨ ਸੋਨ, ਚਾਂਦੀ ਤੇ ਕਾਂਸੇ ਦੇ ਤਗਮੇ ਜਿੱਤ ਕੇ ਜਿੱਥੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹ,ੈ ਉੱਥੇ ਹੀ ਆਪਣੇ ਮਾਤਾ ਪਿਤਾ ਦਾ ਵੀ ਮਾਣ ਵਧਾਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆੜ੍ਹਤੀਆ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ ਤੇ ਕੌਂਸਲਰ ਕੁਲਵਿੰਦਰ ਕੌਰ ਧਾਲੀਵਾਲ ਨੇ ਗੱਲਬਾਤ ਕਰਦਿਆਂ ਕੀਤਾ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅਜਮੇਰ ਸਿੰਘ ਧਾਲੀਵਾਲ ਤੇ ਕੁਲਵਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਇੰਗਲੈਂਡ ਵਿਖੇ ਰਹਿ ਰਹੀ ਮੇਰੀ ਵੱਡੀ ਪੋਤੀ ਕੈਵਲੀਨ (ਉਮਰ 10 ਸਾਲ) ਨੇ ਇੰਗਲੈਂਡ ਵਿਚ ਖੇਡੇ ਗਏ ਕਰਾਟਿਆਂ ਦੇ ਵੱਖ-ਵੱਖ ਮੈਚ ਦੌਰਾਨ 2 ਸੋਨ, 4 ਚਾਂਦੀ ਤੇ 8 ਕਾਂਸੇ ਤਗਮੇ ਕਰਾਟਿਆਂ ਦੀਆਂ ਖੇਡਾਂ ਵਿਚ ਪ੍ਰਾਪਤ ਕੀਤੇ ਹਨ | ਇਸੇ ਤਰਾਂ ਮੇਰੀ ਛੋਟੀ ਪੋਤੀ ਐਸ਼ਲੀਨ ( 8 ਸਾਲ) ਨੇ ਇੰਗਲੈਂਡ ਵਿਚ ਖੇਡੇ ਗਏ ਕਰਾਟਿਆਂ ਦੇ ਵੱਖ-ਵੱਖ ਮੈਚ ਦੌਰਾਨ 1 ਸੋਨੇ, 1 ਚਾਂਦੀ ਅਤੇ 1 ਕਾਂਸਾ ਤਗਮੇ ਜਿੱਤ ਕੇ ਸਾਡੇ ਸਾਰੇ ਧਾਲੀਵਾਲ ਪਰਿਵਾਰ ਦਾ ਮਾਣ ਵਧਾਇਆ ਹੈ | ਉਨ੍ਹਾਂ ਕਿਹਾ ਕਿ ਅੱਜ ਉਹ ਇੰਗਲੈਂਡ ਦੀ ਧਰਤੀ ਤੋਂ ਪੰਜਾਬ ਮੇਰੇ ਕੋਲ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੀਆਂ ਹਨ ਤੇ ਉਨ੍ਹਾਂ ਦੇ ਇੱਥੇ ਕਸਬਾ ਸਾਹਨੇਵਾਲ ਵਿਖੇ ਪਹੁੰਚਣ ਤੇ ਅਸੀਂ ਇਕ ਸਮਾਗਮ ਕਰਵਾਇਆ ਹੈ | ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਉਨ੍ਹਾਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕਰਨ ਉਪਰੰਤ ਕਿਹਾ ਕਿ ਅੱਜ ਲੜਕੀਆਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ | ਭਾਵੇਂ ਉਹ ਖੇਡਾਂ ਹੋਣ ਜਾਂ ਰਾਜਨੀਤਿਕ ਜਾਂ ਸਮਾਜ ਸੇਵਾ ਦੇ ਕੰਮ ਹੋਣ ਲੜਕੀਆਂ ਹਮੇਸ਼ਾ ਹੀ ਆਪਣੇ ਮਾਤਾ ਪਿਤਾ ਦਾ ਸਹਾਰਾ ਬਣਦੀਆਂ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀਆਂ ਲੜਕੀਆਂ ਨੂੰ ਚੰਗੀ ਸਿੱਖਿਆ ਦਿਓ ਤੇ ਖੇਡਾਂ ਵੱਲ ਵੀ ਪ੍ਰੇਰਿਤ ਕਰੋ | ਇਸ ਮੌਕੇ ਐਸ਼ਲੀਨ ਤੇ ਕੈਵਲੀਨ ਦੇ ਪਿਤਾ ਗਗਨ ਧਾਲੀਵਾਲ ਨੇ ਕਿਹਾ ਕਿ ਮੈਂ ਚਾਹੇ ਇੰਗਲੈਂਡ ਵਿਚ ਰਹਿੰਦਾ ਹਾਂ, ਫਿਰ ਵੀ ਮੈਂ ਪੰਜਾਬ ਦੀ ਧਰਤੀ ਨੂੰ ਭੁੱਲ ਨਹੀਂ ਸਕਦਾ ਤੇ ਮੈਂ ਆਪਣੀਆਂ ਦੋਨੋਂ ਲੜਕੀਆਂ ਨੂੰ ਪੰਜਾਬ ਹਮੇਸ਼ਾ ਲੈ ਕੇ ਆਉਂਦਾ ਹਾਂ | ਇਸ ਮੌਕੇ ਚੇਅਰਮੈਨ ਹੇਮਰਾਜ ਰਾਜੀ ਸਾਹਨੇਵਾਲ, ਪ੍ਰਧਾਨ ਗੁਰਦੀਪ ਸਿੰਘ ਕੌਲ, ਜਸਬੀਰ ਸਿੰਘ ਚਹਿਲ, ਓਮ ਪ੍ਰਕਾਸ਼ ਗੋਇਲ, ਪ੍ਰਧਾਨ ਪੂਜਾ ਭਾਟੀਆ, ਪ੍ਰਧਾਨ ਰਾਜਦੀਪ ਭਾਟੀਆ, ਮਨਜਿੰਦਰ ਸਿੰਘ ਭੋਲਾ ਮਾਂਗਟ, ਪ੍ਰਧਾਨ ਲਾਲੀ ਹਰਾ, ਪ੍ਰਧਾਨ ਵਿਜੇ ਪੁਰੀ, ਪ੍ਰਧਾਨ ਦਵਿੰਦਰ ਸਿੰਘ ਝੱਜ, ਬੱਬੂ ਬਿਰਦੀ, ਬੱਬੂ, ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਕਮਲ ਧਾਲੀਵਾਲ, ਕੁਲਦੀਪ ਐਰੀ, ਤੇਜਿੰਦਰ ਮਿੱਠੂ, ਸਰਬਜੀਤ ਸਿੰਘ ਗਰੇਵਾਲ, ਮਾਸਟਰ ਗੁਰਸੇਵਕ ਸਿੰਘ, ਚੰਚਲ ਮਿਨਹਾਸ, ਪੱਪੂ ਤਲਵਾੜਾ, ਅਰੁਣ ਬਠਲਾ, ਧਰਮਿੰਦਰ ਕੁਮਾਰ ਕਾਲੀ, ਦੀਪਕ ਦੀਨੂੰ ਆਦਿ ਹਾਜ਼ਰ ਸਨ |