ਪੰਜਾਬ ਸਰਕਾਰ ਦੇ 48 ਮਹੀਨਿਆਂ ਦੇ ਵਿਕਾਸ ਕਾਰਜਾਂ ਦੀ ਮੁਹਿੰਮ ਦਾ ਕਈ ਪਿੰਡਾਂ ਵਿਚ ਆਗਾਜ਼
ਅਜੀਤ ਡੈਸਕ
06-04-2026
ਮਾਛੀਵਾੜਾ ਸਾਹਿਬ, 5 ਅਪ੍ਰੈਲ (ਮਨੋਜ ਕੁਮਾਰ)-'ਆਪ' ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਉਨ੍ਹਾਂ ਦੀ ਸੁਚੱਜੀ ਟੀਮ ਦੇ ਸਾਥੀਆਂ ਨੇ ਸਥਾਨਕ ਬਲਾਕ ਦੇ ਕਰੀਬ 14 ਪਿੰਡਾਂ ਵਿਚ ਪਾਰਟੀ ਦੇ ਹੁਣ ਤੱਕ ਦੇ ਸਫਲ ਕਾਰਜ ਦੀ ਰੂਪ ਰੇਖਾ ਬਿਆਨ ਕਰਨ ਲਈ ਘਰ ਘਰ ਦੌਰਾ ਕੀਤਾ ਤੇ ਪਾਰਟੀ ਵਲੋਂ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ | ਇਸ ਟੀਮ ਵਿਚ ਸ਼ਾਮਿਲ ਲੁਧਿਆਣਾ ਜ਼ਿਲੇ੍ਹ ਦੇ ਬੀ. ਸੀ. ਵਿੰਗ ਦੇ ਚੇਅਰਮੈਨ ਭੁਪਿੰਦਰ ਸਿੰਘ ਰਾਠੌਰ ਵੀ ਸ਼ਾਮਿਲ ਸਨ | ਇਸ ਮੌਕੇ ਇਨ੍ਹਾਂ ਆਗੂਆਂ ਨੇ ਦੱਸਿਆ ਕਿ ਅੱਜ ਸੂਬੇ ਅੰਦਰ ਅਮਨ ਸ਼ਾਂਤੀ ਦਾ ਨਵਾਂ ਮਾਹੌਲ ਨਜ਼ਰ ਆ ਰਿਹਾ ਹੈ | ਆਮ ਆਦਮੀ ਕਲੀਨਿਕ ਨੇ ਲੋਕਾਂ ਦੇ ਸਿਹਤ ਦੀ ਨੁਹਾਰ ਬਦਲੀ ਹੈ | 10 ਲੱਖ ਦਾ ਮੁਫ਼ਤ ਸਿਹਤ ਬੀਮਾ ਹੋਵੇ ਜਾਂ ਫਿਰ ਘਰ ਘਰ ਮੁਫ਼ਤ ਬਿਜਲੀ ਇਹ ਵਿਕਾਸ ਸਿਰਫ਼ ਆਪ ਨੇ ਹੀ ਸਿਰਜਿਆ ਹੈ | ਹੁਣ ਹਰ ਮਹਿਲਾ ਨੂੰ ਵਿੱਤੀ ਸੌਗਾਤ 1000 ਤੇ 1500 ਸਭ ਤੋਂ ਵੱਡੀ ਦੇਣ ਬਣ ਕੇ ਉੱਭਰੀ ਹੈ | ਇਨ੍ਹਾਂ ਪਿੰਡਾਂ ਵਿਚ ਸ਼ਾਮਿਲ ਸੈਂਸੋਵਾਲ ਕਲਾਂ, ਸੈਂਸੋਵਾਲ ਖ਼ੁਰਦ, ਮਿਲਕਵਾਲ, ਜੱਸੋਵਾਲ, ਖੇੜਾ, ਧੁੱਲੇਵਾਲ ਸਮੇਤ ਹੋਰ ਕਈ ਪਿੰਡਾਂ ਦੇ ਲੋਕਾਂ ਨੇ ਇਨ੍ਹਾਂ ਆਗੂਆਂ ਦੀ ਇਸ ਆਮਦ ਦਾ ਭਰਵਾਂ ਸਵਾਗਤ ਕੀਤਾ | ਇਸ ਮੌਕੇ ਕਈ ਪਿੰਡਾਂ ਦੇ ਸਰਪੰਚ ਤੇ ਪੰਚ ਵੀ ਮੌਜੂਦ ਸਨ |