ਮਾਛੀਵਾੜਾ ਸਾਹਿਬ, 5 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਪਿਛਲੇ ਦਿਨੀਂ ਕਤਲ ਹੋਏ ਮਾਛੀਵਾੜਾ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਲੋਕ ਸਭਾ ਹਲਕਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰ ਸਿੰਘ, ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਉਨ੍ਹਾਂ ਦੇ ਗ੍ਰਹਿ ਪਿੰਡ ਤੱਖਰਾਂ ਵਿਖੇ ਪੁੱਜੇ | ਐੈੱਮ. ਪੀ. ਅਮਰ ਸਿੰਘ ਅਤੇ ਰਾਜਾ ਗਿੱਲ ਨੇ ਮਿ੍ਤਕ ਤਿਵਾੜੀ ਦੀ ਪਤਨੀ ਕੁਸਮ ਤਿਵਾੜੀ ਅਤੇ ਛੋਟੇ-ਛੋਟੇ ਬੱਚਿਆਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਰਮਿੰਦਰ ਤਿਵਾੜੀ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ, ਉੱਥੇ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ | ਐੈੱਮ. ਪੀ. ਅਮਰ ਸਿੰਘ ਨੇ ਕਿਹਾ ਕਿ ਬੇਸ਼ੱਕ ਪਰਮਿੰਦਰ ਤਿਵਾੜੀ ਦੇ ਕਾਤਲ ਫੜੇ ਗਏ ਪਰ ਪੁਲਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰੇ ਕਿ ਇਸ ਪਿੱਛੇ ਹੋਰ ਵੀ ਜੋ ਵਿਅਕਤੀ ਸ਼ਾਮਲ ਹਨ ਉਨ੍ਹਾਂ 'ਤੇ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਐੈੱਮ. ਪੀ. ਅਮਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਪਰਮਿੰਦਰ ਤਿਵਾੜੀ ਦੇ ਪਰਿਵਾਰ ਨਾਲ ਚਟਾਨ ਵਾਂਗ ਖੜੀ ਹੈ ਅਤੇ ਭਵਿੱਖ ਵਿਚ ਪਤਨੀ ਤੇ ਬੱਚਿਆਂ ਦਾ ਸਾਥ ਦੇਵੇਗੀ |