ਰਾਏਕੋਟ, 18 ਅਪ੍ਰੈਲ (ਸੁਸ਼ੀਲ)-ਬੇਸ਼ੱਕ ਚੋਣ ਕਮਿਸ਼ਨ ਵਲੋਂ ਹਾਲੇ ਤੱਕ ਸੂਬੇ ਵਿਚ ਨਗਰ ਕੌਂਸਲ ਚੋਣਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪ੍ਰੰਤੂ ਪ੍ਰਸ਼ਾਸਨ ਵਲੋਂ ਇੰਨਾਂ ਚੋਣਾਂ ਨੂੰ ਲੈ ਕੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ | ਇਸ ਸਬੰਧੀ ਐੱਸ.ਡੀ.ਐੱਮ. ਕਮ ਚੋਣਕਾਰ ਅਫ਼ਸਰ ਹਲਕਾ ਰਾਏਕੋਟ ਰਮਨਜੀਤ (ਪੀ.ਸੀ.ਐੱਸ.) ਨੇ ਦੱਸਿਆ ਕਿ ਆਗਾਮੀ ਨਗਰ ਕੌਂਸਲ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਾਣਯੋਗ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਰਾਏਕੋਟ ਦੀ ਕੀਤੀ ਗਈ ਨਵੀਂ ਹੱਦਬੰਦੀ ਨੂੰ ਧਿਆਨ ਵਿਚ ਰੱਖਦੇ ਹੋਏ ਨਵੀਂ ਵੋਟਰ ਸੂਚੀ ਤਿਆਰ ਕੀਤੀ ਗਈ ਹੈ, ਜੋ ਕਿ ਐੱਸ.ਡੀ.ਐੱਮ. ਦਫ਼ਤਰ ਰਾਏਕੋਟ ਅਤੇ ਨਗਰ ਕੌਂਸਲ ਦੇ ਦਫ਼ਤਰ ਵਿਖੇ ਮੌਜੂਦ ਹੈ | ਇਸ ਤੋਂ ਇਲਾਵਾ ਇਹ ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਵੀ ਉਪਲੱਬਧ ਹੈ | ਉਨਾਂ ਦੱਸਿਆ ਕਿ ਵੋਟਰ ਸੂਚੀ ਨਾਲ ਸਬੰਧਿਤ ਦਾਅਵੇ ਅਤੇ ਇਤਰਾਜ ਦਰਜ ਕਰਾਉਣ ਲਈ ਮਿਤੀ 17 ਅਪ੍ਰੈਲ ਤੋਂ 23 ਅਪ੍ਰੈਲ 2026 (ਦੋਵੇਂ ਦਿਨ ਸਮੇਤ) ਤੱਕ ਦਾ ਸਮਾਂ ਮਿੱਥਿਆ ਗਿਆ ਹੈ | ਯੋਗ ਵੋਟਰ ਇਸ ਮਿਤੀ ਦੌਰਾਨ ਆਪਣੇ ਦਾਅਵੇ ਅਤੇ ਇਤਰਾਜ ਨਗਰ ਕੌਂਸਲ ਅਤੇ ਐੱਸ.ਡੀ.ਐੱਮ. ਦਫ਼ਤਰ ਵਿਖੇ ਸਿੱਧੇ ਤੌਰ 'ਤੇ ਜਾਂ ਬੀ.ਐੱਲ.ਓ ਰਾਹੀਂ ਜਮਾਂ ਕਰਵਾ ਸਕਦੇ ਹਨ | ਪ੍ਰਾਪਤ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਮਿਤੀ 30 ਅਪ੍ਰੈਲ ਤੱਕ ਕੀਤਾ ਜਾਣਾ ਹੈ ਅਤੇ ਇਸ ਦੀ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 05 ਮਈ 2026 ਨੂੰ ਕੀਤੀ ਜਾਣੀ ਹੈ | ਉਨਾਂ ਕਿਹਾ ਕਿ ਨਗਰ ਕੌਂਸਲ ਰਾਏਕੋਟ ਦੇ ਵਸਨੀਕ ਇੰਨਾਂ ਮਿਤੀਆਂ ਦੌਰਾਨ ਜੇਕਰ ਕੋਈ ਵੋਟਰ ਸੂਚੀ ਸਬੰਧੀ ਇਤਰਾਜ ਹੈ ਤਾਂ ਉਹ ਆਪਣਾ ਇਤਰਾਜ ਦਰਜ਼ ਕਰਵਾ ਸਕਦੇ ਹਨ |