ਲੋਹਟਬੱਦੀ, 20 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਕਿਸਾਨਾਂ ਨੂੰ ਕਣਕ ਦੇ ਮੰਡੀਕਰਨ ਮਾਮਲੇ 'ਚ ਕੋਈ ਵੀ ਪ੍ਰੇਸ਼ਾਨੀ ਨਹੀਂ ਹੋਵੇਗੀ, ਦੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਾਣਾ ਮੰਡੀ ਲੋਹਟਬੱਦੀ 'ਚ ਖੂਬ ਕਿਰਕਿਰੀ ਹੋ ਰਹੀ ਹੈ ਕਿਉਂਕਿ ਦਾਣਾ ਮੰਡੀ ਲੋਹਟਬੱਦੀ 'ਚ ਅਜੇ ਤੱਕ ਸਰਕਾਰੀ ਖ਼ਰੀਦ ਸ਼ੁਰੂ ਹੀ ਨਹੀਂ ਹੋਈ | ਭਾਵੇਂ 1 ਅਪ੍ਰੈਲ ਤੋਂ ਖ਼ਰੀਦ ਸ਼ੁਰੂ ਹੈ ਪ੍ਰੰਤੂ ਕਈ ਦਿਨਾਂ ਤੱਕ ਦਾਣਾ ਮੰਡੀ ਦੇ ਫੜ੍ਹ ਦੀ ਸਫ਼ਾਈ ਨਾ ਹੋਣਾ ਅਤੇ ਫਿਰ 12 ਅਪ੍ਰੈਲ ਤੋਂ ਅੱਜ 9 ਦਿਨਾਂ ਤੱਕ ਕਿਸੇ ਵੀ ਖ਼ਰੀਦ ਏਜੰਸੀ ਦੇ ਨੁਮਾਇੰਦੇ ਦਾ ਨਾ ਆਉਣਾ ਸਰਕਾਰ ਦੀ ਕਾਰਗੁਜਾਰੀ 'ਤੇ ਵੱਡਾ ਸਵਾਲੀਆ ਨਿਸ਼ਾਨ ਹੈ? ਅੱਜ ਦਾਣਾ ਮੰਡੀ 'ਚ ਜਾ ਕੇ ਦੇਖਿਆ ਹਰ ਪਾਸੇ ਕਣਕ ਦੇ ਢੇਰ ਲੱਗੇ ਪਏ ਹਨ ਅਤੇ ਨਾਲ ਹੀ ਕੁਝ ਕਣਕ ਸਰਕਾਰੀ ਬਾਰਦਾਨੇ 'ਚ ਭਰ ਕੇ ਕਣਕ ਦੇ ਅੰਬਾਰ/ਧਾਕਾਂ ਹੀ ਧਾਕਾਂ ਹੀ ਲੱੱਗੀਆਂ ਪਈਆਂ ਸਨ | ਇਸ ਸਬੰਧੀ ਪਤਾ ਲੱਗਾ ਕਿ ਅਜੇ ਤੱਕ ਸਰਕਾਰੀ ਤੌਰ 'ਤੇ ਕਿਸੇ ਵੀ ਕਿਸਾਨ ਦੀ ਕਣਕ ਨਹੀਂ ਖਰੀਦੀ ਗਈ ਜਦਕਿ ਕਿਸਾਨਾਂ ਦੀ ਖੱਜਲ ਖੁਆਰੀ ਨੂੰ ਦੇਖਦਿਆਂ ਕੱਚੀ ਪਰਚੀ 'ਤੇ ਕਣਕ ਦੀ ਭਰਾਈ ਕੀਤੀ ਗਈ ਅਤੇ ਕੁਝ ਬੋਰੀਆਂ ਕਣਕ ਸ਼ੈੱਲਰ 'ਚ ਵੀ ਭੇਜੀ ਗਈ ਹੈ | ਇਸ ਦੇ ਨਾਲ ਹੀ ਹੁਣ ਬਾਰਦਾਨਾ ਵੀ ਨਹੀਂ ਮਿਲ ਰਿਹਾ ਜਿਸ ਕਾਰਨ ਕਰੀਬ 30 ਹਜ਼ਾਰ ਕਣਕ ਦਾ ਗੱਟਾ ਲਿਫਟਿੰਗ ਨਾ ਹੋਣ ਅਤੇ ਕਰੀਬ 30 ਹਜ਼ਾਰ ਗੱਟਾ ਬੋਲੀ ਨਾ ਲੱਗਣ ਕਾਰਨ ਫੜ੍ਹ 'ਚ ਹੀ ਖੁੱਲੇ੍ਹ ਅਸਮਾਨ ਹੇਠ ਪਿਆ ਹੈ | ਜ਼ਿਕਰਯੋਗ ਹੈ ਕਿ ਲੋਹਟਬੱਦੀ, ਜਲਵਾਣਾ, ਮਹੋਲੀ, ਰਛੀਨ, ਬ੍ਰਹਮਪੁਰ, ਕਲਿਆਣ ਆਦਿ ਪਿੰਡਾਂ ਦੇ ਕਿਸਾਨ ਤਾਂ ਆਪਣੀ ਕਣਕ ਆੜ੍ਹਤੀਆਂ ਹਵਾਲੇ ਕਰਕੇ ਤੂੜੀ ਬਣਾਉਣ ਜਾਂ ਹੋਰ ਕਟਾਈ ਕਰਨ ਦਾ ਕੰਮ ਨਿਪਟਾਉਣ ਲਈ ਵਾਪਿਸ ਚਲੇ ਜਾਂਦੇ ਹਨ ਪਰੰਤੂ ਇਸ ਦੀ ਸਾਂਭ ਸੰਭਾਲ ਅਤੇ ਰਾਖੀ ਦੀ ਸਾਰੀ ਜਿੰਮੇਵਾਰੀ ਆੜ੍ਹਤੀਆਂ ਨੂੰ ਹੀ ਨਿਭਾਉਣੀ ਪੈ ਰਹੀ ਹੈ | ਇਸ ਮੌਕੇ ਸਰਕਾਰ ਤੋਂ ਖਫ਼ਾ ਹੋਏ ਕਿਸਾਨਾਂ ਚੌਧਰੀ ਲਖਵੀਰ ਸਿੰਘ ਸਾਬਕਾ ਸਰਪੰਚ ਲੋਹਟਬੱਦੀ, ਜਰਨੈਲ ਸਿੰਘ ਮੁਨੀਮ ਪ੍ਰਧਾਨ ਅਕਾਊਾਟੈਂਟ ਯੂਨੀਅਨ ਰਾਏਕੋਟ, ਜੋਰਾ ਸਿੰਘ ਭੁੱਲਰ ਪ੍ਰਧਾਨ ਖੇਤੀਬਾੜੀ ਸਹਿਕਾਰੀ ਸਭਾ ਲੋਹਟਬੱਦੀ, ਪੰਚ ਜਸਪਾਲ ਸਿੰਘ, ਮੇਹਰ ਸਿੰਘ ਸਾਬਕਾ ਪੰਚ, ਚੌਧਰੀ ਅਮਰ ਸਿੰਘ, ਮੇਜਰ ਸਿੰਘ, ਬਲਦੇਵ ਸਿੰਘ ਮੰਡ, ਬਲਦੇਵ ਸਿੰਘ ਸਿੱਧੂ ਆਦਿ ਨੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਣਕ ਦੀ ਖ਼ਰੀਦ ਦਾ ਤੁਰੰਤ ਪ੍ਰਬੰਧ ਕਰਨ ਦੀ ਮੰਗ ਕੀਤੀ | ਚੌਧਰੀ ਲਖਵੀਰ ਸਿੰਘ ਸਾਬਕਾ ਸਰਪੰਚ ਲੋਹਟਬੱਦੀ ਅਤੇ ਜੋਰਾ ਸਿੰਘ ਭੁੱਲਰ ਪ੍ਰਧਾਨ ਖੇਤੀਬਾੜੀ ਸਹਿਕਾਰੀ ਸਭਾ ਲੋਹਟਬੱਦੀ ਨੇ ਕਿਹਾ ਕਿ ਪਿੰਡ ਲੋਹਟਬੱਦੀ ਵਿਧਾਨ ਸਭਾ ਹਲਕਾ ਰਾਏਕੋਟ ਦਾ ਪਿੰਡ ਹੈ ਪ੍ਰੰਤੂ ਦਾਣਾ ਮੰਡੀ ਲੋਹਟਬੱਦੀ ਨੂੰ ਮੰਡੀ ਅਹਿਮਦਗੜ੍ਹ (ਪਹਿਲਾਂ ਸੰਗਰੂਰ ਅਤੇ ਹੁਣ ਮਲੇਰਕੋਟਲਾ ਜ਼ਿਲ੍ਹੇ ਨਾਲ) ਜੋੜਿਆ ਹੋਣ ਕਾਰਨ ਹਰ ਹਾੜ੍ਹੀ ਸਾਉਣੀ ਦਰਮਿਆਨ ਕਿਸਾਨਾਂ/ਆੜ੍ਹਤੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਫ਼ਸਲਾਂ ਦੀ ਲਿਫਟਿੰਗ ਲਈ ਟਰੱਕਾਂ ਦੀ ਵਗਾਰ, ਸਿਵਲ ਅਤੇ ਫੂਡ ਸਪਲਾਈਜ਼ ਵਿਭਾਗ ਰਾਏਕੋਟ ਵਲੋਂ ਸਾਰੀ ਕਾਰਵਾਈ ਮੁਕੰਮਲ ਹੋਣ ਦੀ ਤਰਜ਼ 'ਤੇ ਮੰਡੀ ਬੋਰਡ ਵਾਲੇ ਪ੍ਰਬੰਧ ਵੀ ਮਾਰਕੀਟ ਕਮੇਟੀ ਰਾਏਕੋਟ ਅਧੀਨ ਲਿਆਉਣ ਦੀ ਲੋੜ ਹੈ | ਕਣਕ ਦੀ ਖ਼ਰੀਦ ਨਾ ਹੋਣ ਦੀ ਸਮੱਸਿਆ ਸਬੰਧੀ ਜਦੋਂ ਵੇਅਰਹਾਊਸ ਖ਼ਰੀਦ ਏਜੰਸੀ ਦੇ ਅਧਿਕਾਰੀ ਪਰਮਵੀਰ ਮਿੱਤਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦਾਣਾ ਮੰਡੀ ਲੋਹਟਬੱਦੀ ਅਜੇ ਵੇਅਰਹਾਊਸ ਦੇ ਆਨਲਾਈਨ ਪੋਰਟਲ ਨਾਲ ਲਿੰਕ ਨਹੀਂ ਹੋਈ, ਇਸੇ ਕਰਕੇ ਕਿਸਾਨਾਂ ਵਲੋਂ ਵੇਚੀ ਜਾ ਰਹੀ ਕਣਕ ਆਨਲਾਈਨ ਪੋਰਟਲ 'ਤੇ ਨਹੀਂ ਆ ਰਹੀ ਅਤੇ ਇਸੇ ਕਰਕੇ ਹੀ ਕਿਸਾਨਾਂ ਨੂੰ 'ਜੇ ਫਾਰਮ' ਵੀ ਜਾਰੀ ਨਹੀਂ ਹੋ ਰਹੇ | ਸਮਾਂਬੱਧ ਨਾ ਹੋਣ ਪਿੱਛੇ ਉਨ੍ਹਾਂ ਕਾਰਨ ਦੱਸਿਆ ਕਿ ਪਹਿਲਾਂ ਇਹ ਦਾਣਾ ਮੰਡੀ ਲੋਹਟਬੱਦੀ 'ਚ ਪਨਗਰੇਨ ਅਤੇ ਪਨਸਪ ਏਜੰਸੀ ਨੇ ਖ਼ਰੀਦ ਕਰਨੀ ਸੀ ਪ੍ਰੰਤੂ ਵਿਭਾਗੀ ਹੁਕਮਾਂ ਅਨੁਸਾਰ ਇਹ ਬਦਲ ਕੇ ਵੇਅਰਹਾਊਸ ਨੂੰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਮਸਲੇ ਦੇ ਹੱਲ ਲਈ ਚੰਡੀਗੜ੍ਹ ਮੁੱਖ ਦਫਤਰ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਜਦੋਂ ਵੀ ਸਮੱਸਿਆ ਦਾ ਹੱਲ ਹੁੰਦਾ ਹੈ ਤਾਂ ਕਿਸਾਨਾਂ ਦੀ ਖ਼ਰੀਦ ਦਾ ਕੰਮ ਨਿਪਟਾਇਆ ਜਾਵੇਗਾ |