ਕੁਹਾੜਾ, 24 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਤਿੰਨ ਥਾਣਿਆਂ ਦੀ ਹੱਦ ਬੰਦੀ ਅੰਦਰ ਪੈਂਦੇ ਕੁਹਾੜਾ ਚੌਂਕ ਦੇ ਆਸ ਪਾਸ ਦੇ ਇਲਾਕੇ ਅੰਦਰ ਚੋਰ ਗਰੋਹ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਆਏ ਦਿਨ ਲੁੱਟ ਖੋਹ ਤੇ ਚੋਰੀ ਅਤੇ ਮੋਬਾਇਲ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਥਾਣਾ ਜਮਾਲਪੁਰ ਦੇ ਏਰੀਏ ਵਿਚ ਚੋਰਾਂ ਵਲੋਂ ਕੁਹਾੜਾ ਦੇ ਕਿਸਾਨ ਦੀ ਮੋਟਰ ਤੇ ਲੱਗੇ ਟਰਾਂਸਫਾਰਮਰ ਨੂੰ ਖੰਭੇ ਤੋਂ ਹੇਠਾਂ ਉਤਾਰ ਕੇ ਉਸ ਵਿਚੋਂ ਤੇਲ ਅਤੇ ਤਾਂਬਾ ਕੱਢ ਕੇ ਰਫ਼ੂ ਚੱਕਰ ਹੋ ਗਏ | ਕੁਹਾੜਾ ਦੇ ਕਿਸਾਨ ਯਾਦਵਿੰਦਰ ਸਿੰਘ, ਭਿੰਦਾ ਗਰਚਾ, ਰਾਣਾ, ਗਰਚਾ, ਕੁਲਦੀਪ ਸਿੰਘ, ਸੋਨੰੂ ਪੰਚਾਇਤ ਮੈਂਬਰ, ਬਲਵੰਤ ਸਿੰਘ, ਚਰਨਜੀਤ ਸਿੰਘ ਅਤੇ ਜਗਰਾਜ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਹੋ ਜਿਹੀਆਂ ਵਾਰਦਾਤਾਂ ਦੇਖੀਆਂ ਜਾ ਚੁੱਕੀਆਂ ਹਨ | ਪਰ ਪ੍ਰਸ਼ਾਸਨ ਵਲੋਂ ਇਹਨਾਂ ਚੋਰੀਆਂ ਨੂੰ ਰੋਕਣ ਲਈ ਕੋਈ ਠੋਸ ਹੱਲ ਨਹੀਂ ਕੀਤਾ ਜਾ ਰਿਹਾ |ਉਨ੍ਹਾਂ ਕਿਹਾ ਇਲਾਕੇ ਦੇ ਕਿਸਾਨ ਪੂਰੀ ਤਰ੍ਹਾਂ ਪਰੇਸ਼ਾਨ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਵੱਡੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਚੋਰਾਂ ਨੇ ਬੇਖ਼ੌਫ ਹੋ ਕੇ ਪਿੰਡ ਵਾਸੀਆਂ ਦੀ ਜਾਇਦਾਦ ਅਤੇ ਆਰਥਿਕ ਹਾਲਤ ਨੂੰ ਨਿਸ਼ਾਨਾ ਬਣਾਇਆ ਹੈ | ਪਰ ਪ੍ਰਸ਼ਾਸਨ ਵੱਲੋਂ ਹਾਲ ਤੱਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ, ਜਿਸ ਨਾਲ ਕਿਸਾਨ ਨਿਰਾਸ਼ ਅਤੇ ਚਿੰਤਤ ਮਹਿਸੂਸ ਕਰ ਰਹੇ ਹਨ | ਇਸ ਮਾਮਲੇ ਵਿਚ ਪਿੰਡ ਵਾਸੀਆਂ ਨੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਆਏ ਦਿਨ ਹੋ ਰਹੀਆਂ ਚੋਰੀ, ਮੋਬਾਇਲ ਖੋਹਣ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਇਲਾਕੇ ਅੰਦਰ ਪੁਲਿਸ ਦੀ ਗਸ਼ਤ ਨੂੰ ਹੋਰ ਵਧਾਇਆ ਜਾਵੇ, ਅਤੇ ਜਲਦ ਤੋਂ ਜਲਦ ਇਨ੍ਹਾਂ ਸ਼ਰਾਰਤੀ ਆਸਰਾ ਨੂੰ ਨੱਥ ਪਾਉਣ ਲਈ ਕੋਈ ਠੋਸ ਹੱਲ ਕੱਢਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਕਿਸਾਨ ਨੂੰ ਇਸ ਤਰ੍ਹਾਂ ਦੇ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ |