ਡੇਹਲੋਂ, 26 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਸੰਸਾਰ ਵਿਚ ਮਲੇਰੀਆ ਦਿਵਸ ਮਨਾਏ ਜਾਣ ਨੂੰ ਮੁੱਖ ਰੱਖਦਿਆਂ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਆਹਲੂਵਾਲੀਆ ਤੇ ਐੱਸ. ਐੱਮ. ਓ ਡੇਹਲੋਂ ਡਾ. ਪੁਨੀਤ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ. ਐੱਚ. ਸੀ. ਡੇਹਲੋਂ ਵਿਖੇ ਵੀ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ, ਜਿਸ ਵਿਚ ਹੈਲਥ ਇੰਸਪੈਕਟਰ ਕੁਲਪ੍ਰੀਤ ਸਿੰਘ ਸਮਰਾ ਨੇ ਦੱਸਿਆ ਕਿ ਮਲੇਰੀਆ ਬੁਖ਼ਾਰ ਇੱਕ ਖ਼ਾਸ ਕਿਸਮ ਦੇ ਮਾਦਾ ਐਨੋਫਲੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜੋ ਕਿ ਸਵੇਰੇ ਤੇ ਸ਼ਾਮ ਦੇ ਸਮੇਂ ਜ਼ਿਆਦਾ ਕੱਟਦਾ ਹੈ ਅਤੇ ਸਰੀਰ ਨੂੰ ਪੂਰੀ ਤਰਾਂ ਢੱਕ ਕੇ ਰੱਖੋ | ਮੁਹੰਮਦ ਸ਼ਬੀਰ ਮਲਟੀਪਰਪਜ਼ ਹੈਲਥ ਵਰਕਰ (ਮੇਲ) ਨੇ ਦੱਸਿਆ ਕਿ ਇਹ ਮੱਛਰ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ, ਇਸ ਲਈ ਆਪਣੇ ਆਲੇ-ਦੁਆਲੇ ਕਿਸੇ ਵੀ ਥਾਂ 'ਤੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ | ਪਿ੍ਅੰਕਾ ਸੀ. ਐੱਚ. ਓ. ਨੇ ਮਲੇਰੀਏ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਠੰਢ ਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ, ਉਲਟੀਆਂ ਅਤੇ ਸਿਰ ਦਰਦ, ਬੁਖਾਰ ਉੱਤਰਨ ਤੋਂ ਬਾਅਦ ਥਕਾਵਟ ਅਤੇ ਕਮਜ਼ੋਰੀ ਹੋਣਾ, ਬੁਖ਼ਾਰ ਉੱਤਰਨ 'ਤੇ ਪਸੀਨਾ ਆਉਣਾ ਇਸ ਦੇ ਮੁੱਖ ਲੱਛਣ ਹਨ | ਸ਼ਿੰਦਰਪਾਲ ਕੌਰ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ)ਨੇ ਮਲੇਰੀਏ ਬੁਖ਼ਾਰ ਤੋਂ ਬਚਾਅ ਸਬੰਧੀ ਦੱਸਿਆ ਹੈ ਕਿ ਟਾਇਰਾਂ, ਗਮਲਿਆਂ, ਡਰੰਮਾਂ ਆਦਿ ਵਿਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ | ਰੂਪਮਤੀ ਐੱਲ. ਐੱਚ. ਵੀ. ਨੇ ਦੱਸਿਆ ਕਿ ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦੀ ਵਰਤੋਂ ਕਰੋ | ਰਘਵਿੰਦਰ ਕੌਰ ਐੱਲ. ਐੱਚ. ਵੀ. ਨੇ ਕਿਹਾ ਕਿ ਬੁਖ਼ਾਰ ਹੋਣ 'ਤੇ ਤਰੰਤ ਨੇੜੇ ਦੀ ਡਿਸਪੈਂਸਰੀ ਜਾਂ ਹਸਪਤਾਲ ਨਾਲ ਸੰਪਰਕ ਕਰੋ, ਜਿੱਥੇ ਮਲੇਰੀਏ ਦਾ ਟੈੱਸਟ ਤੇ ਇਲਾਜ ਮੁਕਤ ਕੀਤਾ ਜਾਂਦਾ ਹੈ | ਇਸ ਸਮੇਂ ਜਿੰਮੀ ਕਪੂਰ ਪੀ. ਓ., ਸ਼ੁਭਮ ਮੰਗੋਤਰਾ ਓ.ਟੀ. ਰੁਪਿੰਦਰ ਕੌਰ ਐਨ. ਐੱਸ. ਆਦਿ ਹਾਜ਼ਰ ਸਨ |