ਸਾਹਨੇਵਾਲ, 20 ਮਈ (ਹਨੀ ਚਾਠਲੀ)-ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਵਾਰਡ ਨੰ.10 ਦੇ ਵਸਨੀਕਾਂ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਵਾਅਦਿਆਂ ਨੂੰ ਇਕ ਇਕ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਾਰਡ ਅਧੀਨ ਆਉਂਦੇ ਇਕ ਮੁਹੱਲੇ 'ਚ ਇੰਟਰਲਾਕ ਟਾਈਲਾਂ ਲਗਵਾਉਣ ਦੇ ਕੰਮਾਂ ਦੀ ਰਸਮੀ ਸ਼ੁਰੂਆਤ ਕਰਵਾਉਣ ਸਮੇਂ ਨਗਰ ਕੌਂਸਲ ਸਾਹਨੇਵਾਲ ਦੇ ਕੌਂਸਲਰ ਕੁਲਵਿੰਦਰ ਸਿੰਘ ਕਾਲਾ ਬਿਮਰੋ ਨੇ ਪ੍ਰਗਟ ਕੀਤਾ | ਬਿਮਰੋ ਨੇ ਕਿਹਾ ਕਿ ਵਾਰਡ ਨੰਬਰ 10 ਦੇ ਅਧੀਨ ਆਉਂਦੇ ਇੱਕ ਮੁਹੱਲੇ ਚ ਬਾਰਸ਼ ਦੇ ਪਾਣੀ ਤੋਂ ਨਿਜਾਤ ਦਿਵਾਉਣ ਲਈ ਮੁਹੱਲੇ ਚ ਨਵੇਂ ਸਿਰੇ ਤੋਂ ਬਾਰਸ਼ ਦੇ ਪਾਣੀ ਦੀ ਨਿਕਾਸੀ ਲਈ ਪਾਈਪਾਂ ਪਾ ਕੇ ਇੰਟਰਲਾਕ ਟਾਈਲਾਂ ਲਗਵਾ ਕੇ ਮੁਹੱਲਾ ਵਾਸੀਆਂ ਨੂੰ ਰਾਹਤ ਦਿਵਾਈ ਹੈ ਬਿਮਰੋ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਸਾਹਨੇਵਾਲ ਦੇ ਵੱਖ-ਵੱਖ ਵਾਰਡਾਂ 'ਚ ਵਿਕਾਸ ਦੇ ਕੰਮ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮੈਂ ਵਾਰਡ ਦੇ ਵਸਨੀਕਾਂ ਨਾਲ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ, ਉਨ੍ਹਾਂ ਸਾਰੇ ਵਾਅਦਿਆਂ ਨੂੰ ਪੂਰਾ ਕਰਾਂਗਾ ਵਾਰਡ ਦੇ ਵਸਨੀਕਾਂ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਕੁਲਵਿੰਦਰ ਸਿੰਘ ਕਾਲਾ ਬਿਮਰੋ ਦਾ ਜਿਨ੍ਹਾਂ ਨੇ ਸਾਡੀ ਲੰਬੇ ਸਮੇਂ ਤੋਂ ਚਲੀ ਆ ਰਹੀ ਸਮੱਸਿਆ ਦਾ ਹੱਲ ਕਰਵਾ ਦਿੱਤਾ | ਬਿਮਰੋ ਨੇ ਸਾਹਨੇਵਾਲ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਵੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਤੁਸੀ ਮੈਨੂੰ ਦੱਸੋ ਤੇ ਮੈਂ ਜਲਦ ਹੀ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ | ਇਸ ਮੌਕੇ ਰਾਜਪਿੰਦਰ ਏ. ਐੱਮ. ਈ, ਹਰਪ੍ਰੀਤ ਸਿੰਘ ਜੇ. ਈ. ਆਦਿ ਹਾਜ਼ਰ ਸਨ |