ਸਾਹਨੇਵਾਲ, 18 ਜੂਨ (ਹਨੀ ਚਾਠਲੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਫ਼ਤ ਕਣਕ ਪ੍ਰਾਪਤ ਕਰਨ ਵਾਲੇ ਲੱਖਾਂ ਪਰਿਵਾਰਾਂ ਲਈ ‘ਮੇਰੀ ਰਸੋਈ’ ਯੋਜਨਾ ਤਹਿਤ 2 ਕਿੱਲੋ ਚੀਨੀ, ਦੋ ਕਿੱਲੋ ਮਾਂਹ ਦੀ ਦਾਲ, ਇਕ ਲੀਟਰ ਸਰ੍ਹੋਂ ਦਾ ਤੇਲ, ਇਕ ਕਿੱਲੋ ਨਮਕ ਤੇ 200 ਗ੍ਰਾਮ ਹਲਦੀ ਦੇਣ ਦਾ ਜੋ ਫ਼ੈਸਲਾ ਲਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈÍ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਨੇਵਾਲ ਦੇ ਵਾਰਡ ਨੰਬਰ 5 ਤੋਂ ਆਪ ਦੇ ਇੰਚਾਰਜ ਧਰਮਿੰਦਰ ਕੁਮਾਰ ਕਾਲੀ, ਬਲਾਕ ਪ੍ਰਧਾਨ ਕੁਲਦੀਪ ਐਰੀ ਅਤੇ ਯੂਥ ਵਿੰਗ ਦੇ ਬਲਾਕ ਕੋਆਰਡੀਨੇਟਰ ਦੀਪਕ ਦੀਨੂੰ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡਣ ਸਮੇਂ ਗੱਲਬਾਤ ਕਰਦਿਆਂ ਪ੍ਰਗਟ ਕੀਤਾ। ਕਾਲੀ ਤੇ ਐਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਚੋਣਾਂ ਦੌਰਾਨ ਕੀਤੇ ਇਕ ਇਕ ਵਾਅਦੇ ਨੂੰ ਪੂਰਾ ਕਰ ਵਿਖਾਇਆ ਗਿਆ ਹੈ, ਜੋ ਪਿਛਲੀਆਂ ਸਰਕਾਰਾਂ ਇਤਿਹਾਸ ਵਿਚ ਨਹੀਂ ਕਰ ਸਕੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ 600 ਯੂਨਿਟ ਤੱਕ ਮੁਫ਼ਤ ਬਿਜਲੀ, ਬਿਹਤਰ ਸਿਹਤ ਸਹੂਲਤਾਂ ਅਤੇ ਗੁਣਵੱਤਾ ਭਰਪੂਰ ਸਿੱਖਿਆ ਵਰਗੀਆਂ ਸੇਵਾਵਾਂ ਲੋਕਾਂ ਤੱਕ ਪਹੁੰਚਾ ਰਹੀ ਹੈ ਤੇ ਹੁਣ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡਣ ਦਾ ਫ਼ੈਸਲਾ ਵੀ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸਾਹਨੇਵਾਲ ਦੇ ਅਧੀਨ ਆਉਂਦੇ ਵੱਖ-ਵੱਖ ਵਾਰਡਾਂ ‘ਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਨਗਰ ਕੌਂਸਲ ਸਾਹਨੇਵਾਲ ਦੀ ਪ੍ਰਧਾਨ ਪੂਜਾ ਭਾਟੀਆ ਅਤੇ ਆਮ ਆਦਮੀ ਪਾਰਟੀ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਭਾਟੀਆ ਦੀ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਇਸ ਮੌਕੇ ਦਲਜੀਤ ਚੌਹਾਨ, ਡੀਪੂ ਹੋਲਡਰ ਮਨਪ੍ਰੀਤ ਸਿੰਘ, ਡੀਪੂ ਹੋਲਡਰ ਕਿਰਨਾਂ ਰਾਣੀ ਆਦਿ ਹਾਜ਼ਰ ਸਨ।
ਕਾਲੀ ਤੇ ਐਰੀ ਨੇ ‘ਮੇਰੀ ਰਸੋਈ’ ਯੋਜਨਾ ਤਹਿਤ ਸਾਹਨੇਵਾਲ ’ਚ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ
ਅਜੀਤ ਡੈਸਕ
19-06-2026