ਖੰਨਾ, 19 ਜੂਨ (ਹਰਜਿੰਦਰ ਸਿੰਘ ਲਾਲ)-ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਵਲੋਂ ਪੰਜਾਬੀ ਭਾਈਚਾਰੇ ਪ੍ਰਤੀ ਵਰਤੀ ਗਈ ਬੇਹੱਦ ਅਪਮਾਨਜਨਕ ਸ਼ਬਦਾਵਲੀ ਦੇ ਵਿਰੋਧ ਵਿਚ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਗ਼ੁੱਸੇ ਵਿੱਚ ਆਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਭਾਜਪਾ ਪ੍ਰਧਾਨ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਹ ਪ੍ਰੋਗਰਾਮ ਸਾਬਕਾ ਮੰਤਰੀ ਗੁਰਕੀਰਤ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਭਾਰੀ ਗਿਣਤੀ ਵਿਚ ਪਾਰਟੀ ਵਰਕਰਾਂ ਨੇ ਹਾਜ਼ਰੀ ਭਰੀ।
ਪੰਜਾਬੀਆਂ ਦੀ ਅਣਖ ਨੂੰ ਵੰਗਾਰਿਆ- ਗੁਰਕੀਰਤ ਸਿੰਘ
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਭਾਜਪਾ ਆਗੂ ਵਲੋਂ ਪੰਜਾਬੀ ਕਮਿਊਨਿਟੀ ਨੂੰ ਜਜ਼ਬਾਤੀ ਮੂਰਖ ਕਹਿ ਕੇ ਸਮੁੱਚੇ ਪੰਜਾਬੀਆਂ ਦੀਆਂ ਭਾਵਨਾਵਾਂ ‘ਤੇ ਗੰਭੀਰ ਸੱਟ ਮਾਰੀ ਹੈ। ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੰਨ ਭੰਡਾਰ ਭਰਨ ਤੱਕ ਹਮੇਸ਼ਾ ਮੋਹਰੀ ਰੋਲ ਨਿਭਾਇਆ ਹੈ। ਅਜਿਹੀ ਬਹਾਦਰ ਅਤੇ ਗ਼ੈਰਤਮੰਦ ਕੌਮ ਖ਼ਿਲਾਫ਼ ਅਜਿਹੀ ਮੰਦਭਾਗੀ ਟਿੱਪਣੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਭਾਜਪਾ ਨੂੰ ਇਸ ਲਈ ਜਨਤਕ ਤੌਰ ‘ਤੇ ਮੁਆਫ਼ੀ ਮੰਗਣੀ ਪਵੇਗੀ।
ਸਨਮਾਨ ਦੀ ਰੱਖਿਆ ਲਈ ਹਰ ਕੁਰਬਾਨੀ ਤਿਆਰ: ਲਖਵੀਰ ਸਿੰਘ ਲੱਖਾ
ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਆਖਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪੰਜਾਬੀਆਂ ਦੇ ਸਨਮਾਨ ਦੀ ਰੱਖਿਆ ਲਈ ਹਮੇਸ਼ਾ ਢਾਲ ਬਣ ਕੇ ਖੜ੍ਹੀ ਹੈ। ਅੱਜ ਦਾ ਇਹ ਰੋਸ ਪ੍ਰਦਰਸ਼ਨ ਭਾਜਪਾ ਦੇ ਹੰਕਾਰੀ ਰਵੱਈਏ ਨੂੰ ਇੱਕ ਸਪਸ਼ਟ ਸੁਨੇਹਾ ਹੈ। ਉਨ੍ਹਾਂ ਸਾਰੇ ਵਰਕਰਾਂ ਅਤੇ ਪੰਜਾਬੀ ਹਿਤੈਸ਼ੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅੱਜ ਵੱਡੀ ਗਿਣਤੀ ਵਿੱਚ ਪਹੁੰਚ ਕੇ ਪੰਜਾਬੀਅਤ ਦੀ ਆਵਾਜ਼ ਨੂੰ ਬੁਲੰਦ ਕੀਤਾ। ਕਾਂਗਰਸੀ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਭਾਜਪਾ ਪ੍ਰਧਾਨ ਨੇ ਆਪਣੇ ਸ਼ਬਦ ਵਾਪਸ ਨਾ ਲਏ ਅਤੇ ਲਿਖਤੀ ਮੁਆਫ਼ੀ ਨਾ ਮੰਗੀ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਭਾਜਪਾ ਪ੍ਰਧਾਨ ਮਲਹੋਤਰਾ ਦੀ ਪੰਜਾਬੀ ਵਿਰੋਧੀ ਟਿੱਪਣੀ ਖ਼ਿਲਾਫ਼ ਕਾਂਗਰਸ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ, ਫੂਕਿਆ ਪੁਤਲਾ
ਅਜੀਤ ਡੈਸਕ
20-06-2026