03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

20 ਸਾਲ ਪਹਿਲਾਂ ਬਣੀ ਸ਼ਿਵਾਜੀ ਕੰਪਲੈਕਸ ਮਾਰਕੀਟ, ਬੁਨਿਆਦੀ ਸਹੂਲਤਾਂ ਤੋਂ ਅਜੇ ਵੀ ਸੱਖਣੀ, ਕਾਰੋਬਾਰੀ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 02-07-2026
ਖੰਨਾ, 1 ਜੁਲਾਈ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਉਦਯੋਗਿਕ ਅਤੇ ਵਪਾਰਕ ਵਿਕਾਸ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਕਰੀਬ 20 ਸਾਲ ਪਹਿਲਾਂ ਰੇਲਵੇ ਰੋਡ ’ਤੇ ਬਣਾਈ ਗਈ ਸ਼ਿਵਾਜੀ ਕੰਪਲੈਕਸ ਮਾਰਕੀਟ ਦਾ ਬੁਰਾ ਹਾਲ ਹੈ। ਹਾਲਾਂਕਿ ਇਕ ਵਕਤ ਇਹ ਮਾਰਕੀਟ ਹੋਲ ਸੇਲ ਦੀ ਮਾਰਕੀਟ ਬਣ ਗਈ ਸੀ ਅਤੇ ਵਪਾਰੀਆਂ ਨੇ ਕਰੋੜਾਂ ਰੁਪਏ ਦਾ ਨਿਵੇਸ਼ ਵੀ ਕੀਤਾ ਸੀ। ਪਰ ਵਪਾਰੀਆਂ ਅਨੁਸਾਰ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲੀਆਂ, ਜਿਸ ਕਾਰਨ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕਾਰੋਬਾਰੀਆਂ ਨੇ ਆਪਣੀਆਂ ਸਮੱਸਿਆਵਾਂ ਖੁੱਲ੍ਹ ਕੇ ਬਿਆਨ ਕੀਤੀਆਂ। ਉਨ੍ਹਾਂ ਦੱਸਿਆ ਕਿ ਮਾਰਕੀਟ ਵਿੱਚ ਪੀਣ ਵਾਲੇ ਸਾਫ਼ ਪਾਣੀ ਦਾ ਕੋਈ ਪੱਕਾ ਪ੍ਰਬੰਧ ਨਹੀਂ ਹੈ। ਸਫ਼ਾਈ ਵਿਵਸਥਾ ਲਗਭਗ ਨਾਂ-ਮਾਤਰ ਹੈ, ਜਿਸ ਕਾਰਨ ਹਰ ਸਮੇਂ ਗੰਦਗੀ ਦਾ ਮਾਹੌਲ ਬਣਿਆ ਰਹਿੰਦਾ ਹੈ। ਗੰਦੇ ਪਾਣੀ ਦੀ ਨਿਕਾਸੀ ਦੀ ਢੁਕਵੀਂ ਵਿਵਸਥਾ ਨਾ ਹੋਣ ਕਾਰਨ ਬਰਸਾਤ ਅਤੇ ਹੋਰ ਦਿਨਾਂ ਵਿੱਚ ਵੀ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਨਾਲ ਆਉਣ-ਜਾਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਕਾਰੋਬਾਰੀਆਂ ਨੇ ਦੱਸਿਆ ਕਿ ਰਾਤ ਦੇ ਸਮੇਂ ਮਾਰਕੀਟ ਵਿੱਚ ਲਾਈਟਾਂ ਦਾ ਵੀ ਕੋਈ ਢੰਗ ਦਾ ਪ੍ਰਬੰਧ ਨਹੀਂ ਹੈ। ਹਨੇਰੇ ਦਾ ਫ਼ਾਇਦਾ ਚੁੱਕ ਕੇ ਚੋਰੀਆਂ ਦੀਆਂ ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਹਨ, ਜਿਸ ਕਾਰਨ ਵਪਾਰੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਮਾਰਕੀਟ ਦੇ ਜਨਤਕ ਬਾਥਰੂਮਾਂ ਦੀ ਹਾਲਤ ਵੀ ਬਹੁਤ ਮਾੜੀ ਹੈ ਅਤੇ ਉਨ੍ਹਾਂ ਦੀ ਸਫ਼ਾਈ ਤੇ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਵਪਾਰੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਨਗਰ ਕੌਂਸਲ ਅਤੇ ਪ੍ਰਸ਼ਾਸਨ ਕੋਲ ਆਪਣੀਆਂ ਸਮੱਸਿਆਵਾਂ ਉਠਾਉਂਦੇ ਆ ਰਹੇ ਹਨ, ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਕਾਰੋਬਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਿਵਾਜੀ ਕੰਪਲੈਕਸ ਮਾਰਕੀਟ ਦੀਆਂ ਲੰਬੇ ਸਮੇਂ ਤੋਂ ਲਟਕੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ, ਸਫ਼ਾਈ, ਸੀਵਰੇਜ, ਸਟਰੀਟ ਲਾਈਟਾਂ, ਸੁਰੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਮਾਰਕੀਟ ਇੱਕ ਵਾਰ ਫਿਰ ਵਪਾਰਕ ਗਤੀਵਿਧੀਆਂ ਦਾ ਕੇਂਦਰ ਬਣ ਸਕੇ।ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਚਰਨਜੀਤ ਸਿੰਘ ਉਭੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਰਕੀਟ ਨਗਰ ਸੁਧਾਰ ਟਰੱਸਟ ਦੇ ਅਧੀਨ ਹੈ। ਜਿੱਥੋਂ ਤੱਕ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਕੂੜਾ ਸੁੱਟਣ ਦੀ ਗੱਲ ਹੈ, ਉਹ ਹੱਲ ਕੀਤੀ ਜਾਵੇਗੀ। ਬਾਕੀ ਜੋ ਸਮੱਸਿਆਵਾਂ ਟਰੱਸਟ ਨਾਲ ਸਬੰਧਿਤ ਹਨ, ਉਹ ਹੀ ਦੱਸ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਕੋਟਾਂ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਲਈ ਸਿਖਲਾਈ ਅਗਲੀ ਖ਼ਬਰ ਵਿੱਤ ਮੰਤਰੀ ਨਾਲ ਮਨਰੇਗਾ ਮੁਲਾਜ਼ਮਾਂ ਦੀ ਮੀਟਿੰਗ ਅੱਜ
Ad Position 24
No active advertisement