ਮਲੌਦ, 1 ਜੁਲਾਈ (ਸਹਾਰਨ ਮਾਜਰਾ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਰਕਲ ਮਲੌਦ ਦੇ ਜਥੇ. ਡਾ. ਕਰਨੈਲ ਸਿੰਘ ਕਾਲੀਆ ਨੇ ਕਿਹਾ ਕਿ ਪੰਜਾਬ ਦੇ ਸਿੱਖ ਵਿਧਾਇਕਾਂ ਨੂੰ ਤਲਬ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਆਪ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਬਾਰੇ ਸਪਸ਼ਟ ਰਾਇ ਲੈਣੀ ਅਤੇ ਪੂਰੀ ਸਿੱਖ ਕੌਮ ਅੱਗੇ ਲਾਈਵ ਸਿੱਧੇ ਸਪਸ਼ਟ ਸਵਾਲ ਪੁੱਛਣੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਨਿਭਾਇਆ ਰੋਲ ਬਹੁਤ ਸ਼ਲਾਘਾਯੋਗ ਹੈ ਜਦੋਂਕਿ ਪੰਜਾਬ ਦੇ ਆਪ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੂੰ ਸਬਕ ਸਿੱਖਣ ਦੀ ਲੋੜ ਹੈ। ਕਿ ਉਹ ਅੱਖਾਂ ਮੀਟ ਕੇ ਹਰੇਕ ਮੁੱਦੇ ਨੂੰ ਬਿਨ੍ਹਾਂ ਪੜੇ ਦਸਤਖ਼ਤ ਕਰੀ ਜਾ ਰਹੇ ਹਨ। ਡਾ. ਕਾਲੀਆ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਮਰੱਥ ਗੁਰੂ ਹਨ ਉਨ੍ਹਾਂ ਦੇ ਸਤਿਕਾਰ ਲਈ ਬਣਾਏ ਕਾਨੂੰਨ ਨੂੰ ਹੀ ਪੜ੍ਹਨ ਦਾ ਸਮਾਂ ਇਨ੍ਹਾਂ ਵਿਧਾਇਕਾਂ ਕੋਲ ਨਹੀਂ ਹੈ ਫਿਰ ਇਹ ਗੁਰੂ ਸਾਹਿਬ ਲਈ ਕਿਵੇਂ ਸੁਹਿਰਦ ਹੋ ਸਕਦੇ ਹਨ।ਉਨ੍ਹਾਂ ਸਪਸ਼ਟ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਸਾਡੇ ਲਈ ਮਹਾਨ ਹਨ। ਉਨ੍ਹਾਂ ਦੇ ਆਦੇਸ਼ ਮਹਾਨ ਹਨ। ਸਾਨੂੰ ਹਰ ਇਕ ਨੂੰ ਮੰਨਣੇ ਚਾਹੀਦੇ ਹਨ ਅਤੇ ਮੰਨਣੇ ਪੈਣਗੇ ਵੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਨੂੰ ਜਾਰੀ ਹੋਏ ਹੁਕਮਨਾਮੇ ਦੀ ਲੋਅ ’ਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਜੋ ਐਲਾਨਨਾਮਾ ਦਸਤਾਵੇਜ਼ ਜਾਰੀ ਕੀਤਾ ਗਿਆ ਹੈ ਉਹ ਪੰਥ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਨੁਹਾਰ ਬਦਲਣ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸਮੁੱਚੀ ਟੀਮ ਪੰਜਾਬ ਪ੍ਰਤੀ ਬੇਹੱਦ ਸੰਜੀਦਾ ਹੈ ਕਿਉਂਕਿ ਅੱਜ ਪੰਜਾਬ ਜਿਸ ਮੋੜ ਤੇ ਖੜ੍ਹਾ ਹੈ ਉਸ ਥਾਂ ’ਤੇ ਹਾਲਾਤ ਬਹੁਤ ਨਾਜ਼ੁਕ ਦੌਰ ਵਿਚ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਜੋ ਆਦੇਸ਼ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਆਉਣਗੇ ਉਨ੍ਹਾਂ ਨੂੰ ਮੰਨਦਿਆਂ ਹੁਕਮ ਅਨੁਸਾਰ ਹੀ ਕਾਨੂੰਨ ਵਿਚ ਸੋਧ ਕੀਤੀ ਜਾਵੇ।