ਸਮਰਾਲਾ, 15 ਜੁਲਾਈ (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਸਥਾਨਕ ਬਲਾਕ ਸਮਰਾਲਾ ਕਾਂਗਰਸ ਕਮੇਟੀ ਅਤੇ ਸਮਾਜਸੇਵੀ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਵਿੱਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਅਤੇ ਐਡਵੋਕੇਟ ਗਗਨਦੀਪ ਸ਼ਰਮਾ ਚੇਅਰਮੈਨ ਸਮਰਾਲਾ ਸੋਸ਼ਲ ਫੈਲਫੇਅਰ ਦੀ ਅਗਵਾਈ ਹੇਠ ਸਮਰਾਲਾ ਸ਼ਹਿਰ ਵਿੱਚ ਬੱਸਾਂ ਬੱਸ ਅੱਡੇ ਵਿੱਚ ਆਉਣ ਦੀ ਬਜਾਏ ਬਾਈਪਾਸ ਰਾਹੀਂ ਲੰਘਣ ਕਾਰਨ ਸਵਾਰੀਆਂ ਨੂੰ ਹੁੰਦੀ ਪਰੇਸ਼ਾਨੀ ਸਬੰਧੀ ਇੱਕ ਮੰਗ ਪੱਤਰ ਐਸ. ਡੀ. ਐਮ. ਸਮਰਾਲਾ ਨੂੰ ਦਿੱਤਾ ਗਿਆ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਸਮਰਾਲਾ ਦਾ ਮੁੱਖ ਬੱਸ ਅੱਡਾ ਜੋ ਬੱਸਾਂ ਨਾ ਆਉਣ ਕਾਰਨ ਪੂਰੀ ਤਰ੍ਹਾਂ ਖੰਡਰ ਬਣ ਚੁੱਕਾ ਹੈ ਅਤੇ ਸਵਾਰੀਆਂ ਨੂੰ ਬੱਸਾਂ ਲੈਣ ਲਈ ਸਮਰਾਲਾ ਦੇ ਮੇਨ ਚੌਂਕ ਵਿੱਚ ਖੜ੍ਹ ਕੇ ਉਡੀਕ ਕਰਨੀ ਪੈਂਦੀ ਹੈ, ਜਿੱਥੇ ਉਨ੍ਹਾਂ ਦੇ ਖੜ੍ਹਨ ਲਈ ਕੋਈ ਢੁਕਵੀਂ ਥਾਂ ਨਹੀਂ ਹੈ। ਸਵੇਰ ਮੌਕੇ ਇੱਥੋਂ ਵੱਖ-ਵੱਖ ਸਕੂਲ, ਕਾਲਜਾਂ ਅਤੇ ਨੌਕਰੀ ਪੇਸ਼ਾ ਲੋਕ ਬੱਸਾਂ ਰਾਹੀਂ ਸਫ਼ਰ ਕਰਦੇ ਹਨ, ਪ੍ਰੰਤੂ ਬਹੁਤੀਆਂ ਬੱਸਾਂ ਵਾਲੇ ਸਮਰਾਲਾ ਸ਼ਹਿਰ ਦੇ ਅੰਦਰ ਦਾਖਲ ਨਾ ਹੋ ਕੇ, ਬੱਸ ਡਰਾਈਵਰ ਬੱਸਾਂ ਬਾਈਪਾਸ ਤੋਂ ਹੀ ਲੈ ਕੇ ਲੰਘ ਜਾਂਦੇ ਹਨ, ਜਿਸ ਕਾਰਨ ਇੱਥੋਂ ਚੜ੍ਹਨ ਵਾਲੀਆਂ ਸਵਾਰੀਆਂ ਸਮੇਂ ਸਿਰ ਆਪਣੇ ਸਥਾਨਾਂ ਤੇ ਨਹੀਂ ਪੁੱਜ ਪਾਉਂਦੀਆਂ। ਉਨ੍ਹਾਂ ਮੰਗ ਕੀਤੀ ਕਿ ਸਾਰੀਆਂ ਬੱਸਾਂ ਵਾਲੇ ਸਮਰਾਲਾ ਸ਼ਹਿਰ ਦੇ ਅੱਡੇ ’ਤੇ ਬੱਸਾਂ ਲਿਆਇਆ ਕਰਨ ਤਾਂ ਜੋ ਸਵਾਰੀਆਂ ਸਮੇਂ ਸਿਰ ਆਪਣੇ ਸਥਾਨਾਂ ’ਤੇ ਪੁੱਜ ਸਕਣ। ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਐਸ. ਡੀ. ਐਮ. ਸਮਰਾਲਾ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਲਈ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਅਤੇ ਪੈਸਸੂ ਟਰਾਂਸਪੋਰਟ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ। ਮੰਗ ਪੱਤਰ ਦੇਣ ਮੌਕੇ ਉਪਰੋਕਤ ਤੋਂ ਇਲਾਵਾ ਬਲਜਿੰਦਰ ਸਿੰਘ ਸਾਬਕਾ ਐਮ. ਸੀ., ਨਰਿੰਦਰ ਸਮਰਾਲਾ, ਤਨਵੀਰ ਚੱਠਾ, ਦਲਜਿੰਦਰ ਸਿੰਘ, ਰਿੰਕੂ ਥਾਪਰ, ਅਮਰਦੀਪ ਸਿੰਘ ਬਾਲਿਓਂ, ਵਿਸ਼ਾਲ ਭਾਰਤੀ, ਕੈਪਟਨ ਚਰਨ ਸਿੰਘ, ਰਿੰਕੂ ਧਾਲੀਵਾਲ ਸਾਬਕਾ ਐਮ. ਸੀ. ਆਦਿ ਤੋਂ ਇਲਾਵਾ ਬਲਾਕ ਕਾਂਗਰਸ ਕਮੇਟੀ ਅਤੇ ਸਮਾਜਸੇਵੀ ਜਥੇਬੰਦੀਆਂ ਦੇ ਹੋਰ ਵਰਕਰ ਹਾਜ਼ਰ ਸਨ।