ਸਮਰਾਲਾ, 30 ਜੁਲਾਈ (ਗੋਪਾਲ ਸੋਫਤ)-ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਕਰਵਾਏ ਗਏ ਪੰਜਾਬ ਸਕੂਲ ਖੇਡ ਮੁਕਾਬਲਿਆਂ ਅਧੀਨ ਹੋਏ ਇੰਟਰ-ਸਕੂਲ ਜ਼ੋਨਲ ਅੰਡਰ-17 ਕ੍ਰਿਕਟ ਟੂਰਨਾਮੈਂਟ ਵਿਚ ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਦੀ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਮੁਕਾਬਲਾ ਜਿੱਤ ਕੇ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ ਹੈ। ਸੈਮੀਫਾਈਨਲ ਮੁਕਾਬਲੇ ਵਿਚ ਸੈਂਟੀਨਲ ਇੰਟਰਨੈਸ਼ਨਲ ਸਕੂਲ ਦਾ ਸਾਹਮਣਾ ਸੈਕਰਡ ਹਾਰਟ ਕਾਨਵੈਂਟ ਸਕੂਲ, ਉਟਾਲਾਂ ਨਾਲ ਹੋਇਆ। ਇਸ ਰੋਮਾਂਚਕ ਮੈਚ ਵਿਚ ਸਕੂਲ ਦੇ ਖਿਡਾਰੀਆਂ ਨੇ ਆਖ਼ਰੀ ਗੇਂਦ ‘ਤੇ ਛੱਕਾ ਜੜ੍ਹ ਕੇ ਸੈਕਰਡ ਹਾਰਟ ਕਾਨਵੈਂਟ ਸਕੂਲ, ਉਟਾਲਾਂ ਨੂੰ ਹਰਾਇਆ ਅਤੇ ਆਪਣੀ ਜਿੱਤ ਪੱਕੀ ਕੀਤੀ। ਜ਼ੋਨਲ ਫਾਈਨਲ ਮੁਕਾਬਲੇ ਵਿਚ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੀ ਟੀਮ ਨੇ ਸੰਤ ਕਿਰਪਾਲ ਸਿੰਘ ਸੇਵਾ ਪੰਥੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਨੀਲੋਂ ਨੂੰ ਪਛਾੜਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਜ਼ੋਨਲ ਅੰਡਰ-17 ਕ੍ਰਿਕਟ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਟੂਰਨਾਮੈਂਟ ਦੌਰਾਨ ਸਕੂਲ ਦੇ ਖਿਡਾਰੀਆਂ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਤਿੰਨਾਂ ਹੀ ਵਿਭਾਗਾਂ ਵਿਚ ਉੱਤਮ ਪ੍ਰਦਰਸ਼ਨ ਕੀਤਾ। ਬੱਲੇਬਾਜ਼ਾਂ ਨੇ ਜ਼ਿੰਮੇਵਾਰੀ ਅਤੇ ਆਕਰਮਕ ਪਾਰੀਆਂ ਖੇਡੀਆਂ, ਜਦਕਿ ਗੇਂਦਬਾਜ਼ਾਂ ਨੇ ਸਟੀਕ ਲਾਈਨ ਅਤੇ ਲੈਂਥ ਵਿਰੋਧੀ ਟੀਮ ‘ਤੇ ਲਗਾਤਾਰ ਦਬਾਅ ਬਣਾਈ ਰੱਖਿਆ। ਸਕੂਲ ਦੀ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਜੇਤੂ ਟੀਮ, ਕੋਚਾਂ ਅਤੇ ਸਮੂਹ ਖੇਡ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਕੋਚਾਂ ਦੀ ਨਿਰੰਤਰ ਸਿਖਲਾਈ ਅਤੇ ਸਕੂਲ ਵਲੋਂ ਖੇਡਾਂ ਨੂੰ ਦਿੱਤੇ ਜਾ ਰਹੇ ਉਤਸ਼ਾਹ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਕਰਵਾਏ ਜਾਂਦੇ ਅਜਿਹੇ ਖੇਡ ਮੁਕਾਬਲੇ ਵਿਦਿਆਰਥੀਆਂ ਦੀਆਂ ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਦਾ ਵਿਕਾਸ ਕਰਦੇ ਹਨ। ਕ੍ਰਿਕੇਟ ਟੀਮ ਦੇ ਕੋਚ ਹਰਕੇਸ਼ ਸਿੰਘ ਅਤੇ ਜਗਦੀਪ ਸਿੰਘ ਨੇ ਕਿਹਾ ਕਿ ਖਿਡਾਰੀਆਂ ਨੇ ਪੂਰੇ ਟੂਰਨਾਮੈਂਟ ਦੌਰਾਨ ਬਿਹਤਰੀਨ ਟੀਮ ਵਰਕ, ਲਗਨ ਅਤੇ ਦ੍ਰਿੜ ਇਰਾਦੇ ਦਾ ਪ੍ਰਦਰਸ਼ਨ ਕੀਤਾ, ਜਿਸ ਦਾ ਨਤੀਜਾ ਚੈਂਪੀਅਨਸ਼ਿਪ ਦੇ ਰੂਪ ਵਿਚ ਸਾਹਮਣੇ ਆਇਆ।ਉਨ੍ਹਾਂ ਕਿਹਾ ਕਿ ਟੀਮ ਨੇ ਆਪਣੀ ਖੇਡ ਨਾਲ ਸਕੂਲ, ਮਾਪਿਆਂ ਅਤੇ ਸਮਰਾਲਾ ਦਾ ਨਾਮ ਰੌਸ਼ਨ ਕਿਤਾ ਹੈ। ਇਸ ਇਤਿਹਾਸਕ ਅਤੇ ਸ਼ਾਨਦਾਰ ਜਿੱਤ ‘ਤੇ ਸਕੂਲ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਮੈਨੇਜਿੰਗ ਡਾਇਰੈਕਟਰ ਅੰਮ੍ਰਿਤਪਾਲ ਕੌਰ ਢਿੱਲੋਂ, ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਨੇ ਜੇਤੂ ਟੀਮ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਖਿਡਾਰੀਆਂ ਦੀ ਇਸ ਪ੍ਰਾਪਤੀ ਦੀ ਭਰਪੂਰ ਸ਼ਲਾਘਾ ਕਰਦੀਆਂ ਕਿਹਾ ਕਿ ਟੀਮ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਖੇਡ ਭਾਵਨਾ ਸਦਕਾ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਖਿਡਾਰੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਨਵੀਆਂ ਉਚਾਈਆਂ ਨੂੰ ਛੁੰਹਦੇ ਹੋਏ ਸਕੂਲ, ਇਲਾਕੇ ਅਤੇ ਪੰਜਾਬ ਦਾ ਨਾਮ ਦੇਸ਼-ਵਿਦੇਸ਼ ਵਿਚ ਰੌਸ਼ਨ ਕਰਨਗੇ।
ਫਾਈਨਲ ਜਿੱਤ ਕੇ ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਦੀ ਅੰਡਰ-17 ਕ੍ਰਿਕਟ ਟੀਮ ਬਣੀ ਚੈਂਪੀਅਨ
ਅਜੀਤ ਡੈਸਕ
31-07-2026