ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਪੱਛਮੀ ਬੰਗਾਲ ’ਚੋਂ ਫੜਿਆ ਲੁੱਟ-ਖੋਹ ਗੈਂਗ ਦਾ ਮਾਸਟਰਮਾਈਂਡ
ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਭਾਰਤ ਦੇ ਵੱਖ ਵੱਖ ਸੂਬਿਆਂ ਚੋਂ ਟਰੱਕਾਂ ਨੂੰ ਲੁੱਟਣ ਅਤੇ ਉਨ੍ਹਾਂ ਵਿੱਚ ਲੱਦੇ ਕੀਮਤੀ ਸਕਰੈਪ ਨੂੰ ਵੇਚਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਖੰਨਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਐਸ.
ਲ
ਲੁੱਟ-ਖੋਹ ਦੀਆਂ ਵਰਦਾਤਾਂ ਵਿਚ ਫੜੇ ਗਏ ਕਥਿਤ ਦੋਸ਼ੀਆਂ ਬਾਰੇ ਜਾਣਕਾਰੀ ਦਿੰਦੇ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਅਤੇ ਹੋਰ। ਤਸਵੀਰ : ਸੋਨੀ ਗਿੱਲ
15-09-2026
ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਭਾਰਤ ਦੇ ਵੱਖ ਵੱਖ ਸੂਬਿਆਂ ਚੋਂ ਟਰੱਕਾਂ ਨੂੰ ਲੁੱਟਣ ਅਤੇ ਉਨ੍ਹਾਂ ਵਿੱਚ ਲੱਦੇ ਕੀਮਤੀ ਸਕਰੈਪ ਨੂੰ ਵੇਚਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਖੰਨਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ’ਚ ਪੁਲਿਸ ਨੇ ਗਿਰੋਹ ਦੇ ਮਾਸਟਰਮਾਈਂਡ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੀ ਟੀਮ ਨੇ ਗਿਰੋਹ ਮੁਖੀ ਨੂੰ ਕਰੀਬ 1700 ਕਿਲੋਮੀਟਰ ਦੂਰ ਪੱਛਮੀ ਬੰਗਾਲ ਦੇ ਜਲਪਾਈਗੁੜੀ ਰੇਲਵੇ ਸਟੇਸ਼ਨ ਤੱਕ ਪਿੱਛਾ ਕਰਕੇ ਕਾਬੂ ਕੀਤਾ ਹੈ। ਮਾਸਟਰਮਾਈਂਡ ਤਰੁਣ ਕੁਮਾਰ ਉਰਫ਼ ਤਰੁਣ ਸਿੰਘ, ਵਾਸੀ ਡੱਬੂਆ ਕਲੋਨੀ ਫਰੀਦਾਬਾਦ (ਹਰਿਆਣਾ) ਨੂੰ ਕਾਬੂ ਕੀਤਾ। ਪੁੱਛਗਿੱਛ ਦੌਰਾਨ ਉਸ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਕਰੀਬ 40 ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਸਾਹਮਣੇ ਆਈ ਹੈ। ਗਿਰੋਹ ਦੇ ਮੈਂਬਰਾਂ ਖਿਲਾਫ 24 ਤੋਂ ਵੱਧ ਮੁਕੱਦਮੇ ਵੱਖ-ਵੱਖ ਸੂਬਿਆਂਦੇ ਵੱਖ-ਵੱਖ ਥਾਣਿਆਂ ’ਚ ਦਰਜ ਹਨ। ਇਸ ਕੇਸ ਨੂੰ ਟਰੇਸ ਕਰਨ ’ਚ ਐਸ.ਪੀ (ਸਪੈਸ਼ਲ ਬਰਾਂਚ) ਹਰਪਿੰਦਰ ਕੌਰ ਗਿੱਲ, ਡੀ.ਐਸ.ਪੀ ਵਿਨੋਦ ਕੁਮਾਰ, ਸ਼ਪੈਸ਼ਲ ਬਰਾਂਚ ਇੰਚਾਰਜ ਜਰਨੈਲ ਸਿੰਘ, ਸਦਰ ਥਾਣਾ ਮੁਖੀ ਵਿਜੈਪਾਲ ਸਿੰਘ ਤੇ ਕੋਟ ਚੌਂਕੀ ਇੰਚਾਰਜ ਸੁਰਜੀਤ ਸਿੰਘ ਦੀ ਅਹਿਮ ਭੂਮਿਕਾ ਰਹੀ। ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ 30 ਅਗਸਤ ਨੂੰ ਰਾਜਪੁਰਾ ਦੇ ਟਰਾਂਸਪੋਰਟਰ ਸੁਮਿਤ ਸਹਿਗਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ ਕੰਪਨੀ ਦਾ ਸਕਰੈਪ ਨਾਲ ਭਰਿਆ ਟਰੱਕ 29 ਅਗਸਤ ਦੀ ਰਾਤ ਥਾਣਾ ਸਦਰ ਖੰਨਾ ਦੇ ਇਲਾਕੇ ਵਿੱਚੋਂ ਲੁੱਟ ਲਿਆ ਗਿਆ। ਕਰੀਬ ਪੰਜ ਮੁਲਜ਼ਮਾਂ ਨੇ ਟਰੱਕ ਡਰਾਈਵਰ ਬਚਨ ਸਿੰਘ ਨੂੰ ਅਗਵਾ ਕਰਕੇ ਉਸ ਨਾਲ ਕੁੱਟਮਾਰ ਕੀਤੀ ਸੀ ਅਤੇ ਬਾਅਦ ਵਿੱਚ ਸੁੰਨਸਾਨ ਥਾਂ ’ਤੇ ਛੱਡ ਦਿੱਤਾ ਸੀ। ਮੁਲਜ਼ਮ ਸਕਰੈਪ ਨਾਲ ਭਰਿਆ ਟਰੱਕ ਲੈ ਕੇ ਫਰਾਰ ਹੋ ਗਏ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਵਲੋਂ ਤੁਰੰਤ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕਰਕੇ ਜਾਂਚ ਸ਼ੁਰੂ ਕਰਵਾਈ ਗਈ। ਪੁਲਿਸ ਨੇ ਪਹਿਲਾਂ ਚੇਤਨ ਕੁਮਾਰ ਲਾਡੀ ਤੇ ਉਸ ਦੇ ਪਿਤਾ ਪ੍ਰੇਮ ਪ੍ਰਕਾਸ਼, ਵਾਸੀ ਭਾਮੀਆਂ, ਲੁਧਿਆਣਾ, ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਵਿੱਚ ਦੋਵਾਂ ਨੇ ਖੁਲਾਸਾ ਕੀਤਾ ਕਿ ਤਰੁਣ ਕੁਮਾਰ ਉਰਫ਼ ਤਰੁਣ ਸਿੰਘ ਗਿਰੋਹ ਦਾ ਮਾਸਟਰਮਾਈਂਡ ਹੈ ਅਤੇ ਉਸ ਦੀ ਅਗਵਾਈ ਵਿੱਚ ਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਪੁਲਿਸ ਜਾਂਚ ਦੌਰਾਨ ਪਤਾ ਲੱਗਾ ਕਿ ਮਾਸਟਰਮਾਈਂਡ ਤਰੁਣ ਕੁਮਾਰ ਵਾਰਦਾਤ ਤੋਂ ਬਾਅਦ ਪੱਛਮੀ ਬੰਗਾਲ ਫਰਾਰ ਹੋ ਗਿਆ ਸੀ। ਤਕਨੀਕੀ ਸਾਧਨਾਂ ਦੀ ਮਦਦ ਨਾਲ ਪੁਲਿਸ ਨੇ ਉਸ ਦੀ ਲੋਕੇਸ਼ਨ ਲੱਭ ਕੇ ਕੀਤੀ ਤੇ ਰੇਲਵੇ ਪੁਲਿਸ ਨਾਲ ਤਾਲਮੇਲ ਕਰਕੇ ਉਸਨੂੰ ਜਲਪਾਈਗੁੜੀ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ। ਪੁਲਿਸ ਮੁਤਾਬਕ ਮੁਲਜ਼ਮ ਨੇ ਲੁਧਿਆਣਾ ਵਾਸੀ ਜਸਪ੍ਰੀਤ ਸਿੰਘ ਦੇ ਨਾਮ ’ਤੇ ਫਰਜ਼ੀ ਪਛਾਣ ਨਾਲ ਰੇਲ ਟਿਕਟ ਬੁੱਕ ਕਰਵਾਈ ਹੋਈ ਸੀ ਅਤੇ ਅੱਗੇ ਫਰਾਰ ਹੋਣ ਦੀ ਤਿਆਰੀ ਵਿੱਚ ਸੀ। ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਕੋਲੋਂ ਸਕਰੈਪ ਵੇਚ ਕੇ ਹਾਸਲ ਕੀਤੇ 1.10 ਲੱਖ ਰੁਪਏ ਬਰਾਮਦ ਕੀਤੇ ਗ ਏ। ਖੰਨਾ ਪੁਲਿਸ ਉਸ ਨੂੰ ਪੱਛਮੀ ਬੰਗਾਲ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਏਅਰਪੋਰਟ ਲੈ ਕੇ ਪਹੁੰਚੀ। ਇਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ’ਤੇ ਲੁੱਟਿਆ ਗਿਆ ਟਰੱਕ ਹਰਿਆਣਾ ਦੇ ਚੀਕਾ ਤੋਂ ਬਰਾਮਦ ਕਰ ਲਿਆ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਟਰੱਕ ਵਿੱਚ ਕਰੀਬ ਸਾਢੇ ਚਾਰ ਲੱਖ ਰੁਪਏ ਦੀ ਕੀਮਤ ਦਾ ਸਕਰੈਪ ਲੱਦਿਆ ਹੋਇਆ ਸੀ। ਪੁਲਿਸ ਮੁਤਾਬਕ ਇਹ ਸਕਰੈਪ ਹਰਿਆਣਾ ਦੇ ਗੁੜਗਾਓਂ ਵਾਸੀ ਸਕਰੈਪ ਕਾਰੋਬਾਰੀ ਗਣੇਸ਼ ਕੁਮਾਰ ਅਤੇ ਉਸ ਦੇ ਪੁੱਤਰ ਵਿਕਾਸ ਰਾਏ ਨੂੰ ਵੇਚਿਆ ਗਿਆ ਸੀ। ਇਹ ਦੋਵੇਂ ਵਪਾਰੀ ਲੁੱਟ ਖੋਹ ਤੇ ਚੋਰੀ ਦਾ ਸਾਮਾਨ ਸਸਤੇ ਭਾਅ ਉਪਰ ਖਰੀਦ ਲੈਂਦੇ ਸੀ। ਐਸ. ਐਸ. ਪੀ ਨੇ ਦੱਸਿਆ ਕਿ ਗਿਰੋਹ ਦਾ ਮੁੱਖ ਨਿਸ਼ਾਨਾ ਲੋਹੇ ਅਤੇ ਹੋਰ ਕੀਮਤੀ ਸਕਰੈਪ ਨਾਲ ਭਰੇ ਟਰੱਕ ਹੁੰਦੇ ਸਨ। ਮੁਲਜ਼ਮ ਟਰੱਕ ਲੁੱਟਣ ਤੋਂ ਬਾਅਦ ਡਰਾਈਵਰ ਨੂੰ ਸੁੰਨਸਾਨ ਥਾਂ ’ਤੇ ਛੱਡ ਦਿੰਦੇ ਸਨ ਅਤੇ ਬਾਅਦ ਵਿੱਚ ਟਰੱਕ ਵਿੱਚ ਲੱਦਿਆ ਸਕਰੈਪ ਵੇਚ ਦਿੱਤਾ ਜਾਂਦਾ ਸੀ। ਟਰੱਕ ਨੂੰ ਵੀ ਕਿਸੇ ਸੁੰਨਸਾਨ ਸਥਾਨ ’ਤੇ ਖੜ੍ਹਾ ਕਰਕੇ ਫਰਾਰ ਹੋ ਜਾਂਦੇ ਸਨ। ਪੁਲਿਸ ਅਨੁਸਾਰ ਚੇਤਨ ਕੁਮਾਰ ਲਾਡੀ ਖ਼ਿਲਾਫ਼ ਪਹਿਲਾਂ ਹੀ ਪੰਜ ਮਾਮਲੇ ਦਰਜ ਹਨ, ਜਦਕਿ ਤਰੁਣ ਕੁਮਾਰ ਉਰਫ਼ ਤਰੁਣ ਸਿੰਘ ਖ਼ਿਲਾਫ਼ ਨੌਂ ਮਾਮਲੇ ਦਰਜ ਹਨ। ਪ੍ਰੇਮ ਪ੍ਰਕਾਸ਼ ਖ਼ਿਲਾਫ਼ ਲੁਧਿਆਣਾ ਵਿੱਚ ਨਸ਼ਾ ਤਸਕਰੀ ਦਾ ਇੱਕ ਮਾਮਲਾ ਦਰਜ ਹੈ। ਪੁਲਿਸ ਵਲੋਂ ਮੁਲਜ਼ਮਾਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਵਾਈ ਤੋਂ ਬਾਅਦ ਟਰਾਂਸਪੋਰਟਰ ਸੁਮਿਤ ਸਹਿਗਲ ਨੇ ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਸਮੇਤ ਪੂਰੀ ਪੁਲਿਸ ਟੀਮ ਦਾ ਧੰਨਵਾਦ ਕੀਤਾ।