ਜੀ . ਏ . ਡੀ . ਇੰਟਰਨੈਸ਼ਨਲ ਸਕੂਲ ਝੋਰੜਾਂ ਦੇ ਵਿਦਿਆਰਥੀਆਂ ਦਾ 2 ਰੋਜ਼ਾ ਯਾਦਗਾਰੀ ਵਿੱਦਿਅਕ ਟੂਰ ਲਗਵਾਇਆ
ਰਾਏਕੋਟ , 24 ਅਕਤੂਬਰ ( ਬਲਵਿੰਦਰ ਸਿੰਘ ਲਿੱਤਰ )- ਨਾਮਵਰ ਵਿੱਦਿਅਕ ਸੰਸਥਾ ਜੀ . ਏ .
ਰਾਏਕੋਟ , 24 ਅਕਤੂਬਰ ( ਬਲਵਿੰਦਰ ਸਿੰਘ ਲਿੱਤਰ )- ਨਾਮਵਰ ਵਿੱਦਿਅਕ ਸੰਸਥਾ ਜੀ . ਏ . ਡੀ . ਇੰਟਰਨੈਸ਼ਨਲ ਸਕੂਲ ਝੋਰੜਾਂ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਗਿਆਨ ਨੂੰ ਵਧਾਉਣ ਦੇ ਮਕਸਦ ਨਾਲ 2 ਰੋਜ਼ਾ ਵਿੱਦਿਅਕ ਅਤੇ ਮਨੋਰੰਜਕ ਟੂਰ ਲਗਵਾਇਆ ਗਿਆ । ਇਸ ਟੂਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ - ਨਾਲ ਬਾਹਰੀ ਦੁਨੀਆਂ , ਇਤਿਹਾਸ , ਕਲਾ ਅਤੇ ਵਾਤਾਵਰਨ ਸੰਭਾਲ ਵਰਗੇ ਅਹਿਮ ਵਿਸ਼ਿਆਂ ਬਾਰੇ ਜਾਗਰੂਕ ਕਰਨਾ ਸੀ । ਟੂਰ ਦੇ ਪਹਿਲੇ ਦਿਨ ਵਿਦਿਆਰਥੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਪਹੁੰਚੇ , ਉੱਥੇ ਉਨ੍ਹਾਂ ਨੇ ਸ਼ਿਮਲਾ ਦੀਆਂ ਖੂਬਸੂਰਤ ਪਹਾੜੀਆਂ , ਇਤਿਹਾਸਕ ਵਿਰਾਸਤ ਅਤੇ ਪ੍ਰਸਿੱਧ ਮਾਲ ਰੋਡ ਦਾ ਦੌਰਾ ਕੀਤਾ । ਵਿਦਿਆਰਥੀਆਂ ਨੇ ਪਹਾੜੀ ਖੇਤਰ ਦੀ ਜੀਵਨ ਸ਼ੈਲੀ , ਭੂਗੋਲਿਕ ਬਣਾਵਟ ਅਤੇ ਇਤਿਹਾਸਕ ਇਮਾਰਤਾਂ ਨੂੰ ਬਹੁਤ ਨੇੜਿਓਂ ਦੇਖਿਆ ਅਤੇ ਸਮਝਿਆ । ਕੁਦਰਤ ਦੀ ਗੋਦ ਵਿਚ ਬਿਤਾਏ ਇਸ ਸਮੇਂ ਨੇ ਬੱਚਿਆਂ ਦੇ ਮਨਾਂ ਵਿਚ ਨਵਾਂ ਉਤਸ਼ਾਹ ਭਰ ਦਿੱਤਾ । ਟੂਰ ਦੇ ਦੂਜੇ ਦਿਨ ਵਿਦਿਆਰਥੀਆਂ ਨੂੰ ਚੰਡੀਗੜ੍ਹ ਦੇ ਪ੍ਰਸਿੱਧ ਸੈਰ - ਸਪਾਟਾ ਸਥਾਨਾਂ ’ ਤੇ ਲਿਜਾਇਆ ਗਿਆ । ਵਿਦਿਆਰਥੀਆਂ ਨੇ ਵਿਸ਼ਵ ਪ੍ਰਸਿੱਧ ਰੌਕ ਗਾਰਡਨ ਦੀ ਯਾਤਰਾ ਕੀਤੀ , ਜਿੱਥੇ ਫਾਲਤੂ ਅਤੇ ਬੇਕਾਰ ਸਮੱਗਰੀ ਤੋਂ ਬਣਾਈਆਂ ਗਈਆਂ ਸ਼ਾਨਦਾਰ ਕਲਾਕ੍ਰਿਤੀਆਂ ਨੇ ਸਭ ਦਾ ਮਨ ਮੋਹ ਲਿਆ । ਇੱਥੇ ਬੱਚਿਆਂ ਨੂੰ ਰਚਨਾਤਮਕਤਾ ਅਤੇ ਰੀਸਾਈਕਲਿੰਗ ਦੀ ਮਹੱਤਤਾ ਬਾਰੇ ਜਾਣਕਾਰੀ ਮਿਲੀ । ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸੁਖਨਾ ਝੀਲ ਵਿਖੇ ਕੁਦਰਤੀ ਸੁੰਦਰਤਾ ਦਾ ਆਨੰਦ ਮਾਣਿਆ ਅਤੇ ਵਾਤਾਵਰਨ ਦੀ ਸ਼ੁੱਧਤਾ ਤੇ ਸੰਭਾਲ ਸਬੰਧੀ ਜ਼ਰੂਰੀ ਨੁਕਤੇ ਸ਼ਾਂਝੇ ਕੀਤੇ । ਇਸ ਟੂਰ ਦੌਰਾਨ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਜੋਤੀ ਦੇਵਗਨ ਮਲਹੋਤਰਾ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਦੇਖਭਾਲ ਅਤੇ ਮਾਰਗਦਰਸ਼ਨ ਲਈ ਨਾਲ ਰਹੇ । ਪ੍ਰਿੰਸੀਪਲ ਜੋਤੀ ਦੇਵਗਨ ਮਲਹੋਤਰਾ ਨੇ ਦੱਸਿਆ ਕਿ ਅਜਿਹੇ ਵਿੱਦਿਅਕ ਟੂਰ ਬੱਚਿਆਂ ਵਿਚ ਆਤਮ - ਵਿਸ਼ਵਾਸ , ਅਨੁਸ਼ਾਸਨ ਅਤੇ ਆਪਸੀ ਸ਼ਾਂਝ ਵਰਗੇ ਗੁਣ ਪੈਦਾ ਕਰਦੇ ਹਨ । ਇਸ ਮੌਕੇ ਸਕੂਲ ਮੈਨੇਜਮੈਂਟ ਦੇ ਪ੍ਰਧਾਨ ਮਾ . ਜੰਗ ਸਿੰਘ ਮਾਨ ਅਤੇ ਸਰਬਜੀਤ ਸਿੰਘ ਮਾਨ ਵਲੋਂ ਵੀ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਅੱਗੇ ਤੋਂ ਵੀ ਅਜਿਹੇ ਪ੍ਰੋਗਰਾਮ ਉਲੀਕਣ ਦਾ ਭਰੋਸਾ ਦਿੱਤਾ ।