ਬਰਨਾਲਾ, 5 ਜਨਵਰੀ (ਨਰਿੰਦਰ ਅਰੋੜਾ)-ਬੀਤੀ ਰਾਤ ਸਥਾਨਕ ਨਾਈਵਾਲਾ ਰੋਡ 'ਤੇ ਦੋ ਸਾਲ ਪਹਿਲਾਂ ਸੀਲ ਹੋਈ ਦਵਾਈਆਂ ਬਣਾਉਣ ਦੀ ਫ਼ੈਕਟਰੀ ਦੇ ਬਾਹਰ ਦਵਾਈਆਂ ਨੂੰ ਅੱਗ ਲੱਗਣ ਦੀ ਖਬਰ ਹੈ | ਸੀਲ ਹੋਈ ਫੈਕਟਰੀ ਦੇ ਬਾਹਰ ਭਾਰੀ ਮਾਤਰਾ ਵਿਚ ਪਈਆਂ ਦਵਾਈਆਂ ਅਤੇ ਅੱਗ ਲੱਗਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ, ਸਿਹਤ ਵਿਭਾਗ ਅਤੇ ਪੁਲਿਸ ਇਸ ਸਬੰਧੀ ਜਾਂਚ ਵਿਚ ਜੁੱਟ ਗਈ ਹੈ | ਡੀ.ਐਸ.ਪੀ. ਸਿਟੀ ਬਰਨਾਲਾ ਸਤਬੀਰ ਸਿੰਘ ਬੈਂਸ ਨਾਲ ਇਸ ਸਬੰਧੀ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਨਾਈਵਾਲਾ ਰੋਡ 'ਤੇ ਕਿਸੇ ਮੈਟੀਰੀਅਲ ਨੂੰ ਅੱਗ ਲੱਗੀ ਹੈ | ਮੌਕੇ ਉਪਰ ਐਸ.ਐਚ.ਓ. ਸਿਟੀ-1 ਬਰਨਾਲਾ ਲਖਵਿੰਦਰ ਸਿੰਘ ਅਤੇ ਡਰੱਗ ਵਿਭਾਗ ਦੀ ਟੀਮ ਪਹੁੰਚ ਗਈ | ਉਨ੍ਹਾਂ ਦੱਸਿਆ ਕਿ 2 ਸਾਲ ਪਹਿਲਾਂ ਡਰੱਗ ਇੰਸਪੈਕਟਰ ਦੇ ਬਿਆਨਾਂ ਦੇ ਆਧਾਰ 'ਤੇ ਇਸ ਫ਼ੈਕਟਰੀ ਨੂੰ ਸੀਲ ਕਰ ਕੇ ਐਫ.ਆਈ.ਆਰ. ਦਰਜ ਕੀਤੀ ਗਈ ਸੀ ਅਤੇ ਹੁਣ ਵੀ ਡਰੱਗ ਇੰਸਪੈਕਟਰ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ | ਜੇਕਰ ਉਨ੍ਹਾਂ ਵਲੋਂ ਸਾਨੂੰ ਕੋਈ ਕਰਿਮੀਨਲ ਐਕਟ ਸਬੰਧੀ ਲਿਖ ਕੇ ਆਉਂਦਾ ਹੈ ਤਾਂ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ | ਜਦੋਂ ਇਸ ਮਾਮਲੇ ਸਬੰਧੀ ਡੀ.ਸੀ.ਓ. ਬਰਨਾਲਾ ਗੁਨਦੀਪ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉੱਚ ਅਥਾਰਿਟੀ ਦੀਆਂ ਹਦਾਇਤਾਂ ਅਨੁਸਾਰ ਜੈਡ.ਐਲ.ਏ. ਸੰਗਰੂਰ ਅਮਨਦੀਪ ਵਰਮਾ ਦੀ ਅਗਵਾਈ ਹੇਠ ਟੀਮ ਬਣਾਈ ਗਈ, ਜਿਸ ਵਿਚ ਡੀ.ਸੀ.ਓ. ਇਕਾਂਤ ਸਿੰਗਲਾ ਵੀ ਸ਼ਾਮਿਲ ਹਨ ਵਲੋਂ ਮੌਕਾ ਉਪਰ ਜਾ ਕੇ ਦੇਖਿਆ ਗਿਆ | ਉਨ੍ਹਾਂ ਦੱਸਿਆ 2 ਸਾਲ ਪਹਿਲਾਂ ਦਵਾਈਆਂ ਬਣਾਉਣ ਵਾਲੀ ਇਸ ਫ਼ੈਕਟਰੀ ਵਿਚ ਪੁਲਿਸ ਤੇ ਡਰੱਗਜ਼ ਵਿਭਾਗ ਵਲੋਂ ਸਾਂਝੇ ਤੌਰ 'ਤੇ ਛਾਪੇਮਾਰੀ ਕੀਤੀ ਗਈ ਸੀ | ਇੱਥੋਂ ਕਈ ਦਵਾਈਆਂ ਦੀ ਰਿਕਵਰੀ ਵੀ ਹੋਈ ਸੀ | ਜਿਸ ਦੇ ਆਧਾਰ 'ਤੇ ਪੁਲਿਸ ਵਲੋਂ ਐਫ.ਆਈ.ਆਰ. ਦਰਜ ਕੀਤੀ ਗਈ ਸੀ ਅਤੇ ਡਰੱਗ ਵਿਭਾਗ ਵਲੋਂ ਇਸ ਫ਼ੈਕਟਰੀ ਦਾ ਲਾਇਸੰਸ ਵੀ ਰੱਦ ਕਰ ਦਿੱਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਫ਼ੈਕਟਰੀ ਦੇ ਬਾਹਰ ਜਿਨ੍ਹਾਂ ਦਵਾਈਆਂ ਨੂੰ ਅੱਗ ਲੱਗ ਹੋਈ ਹੈ, ਉਹ ਰਾਅ ਮੈਟੀਰੀਅਲ ਜਾਂ ਐਕਸਪਾਇਰ ਮੈਟੀਰੀਅਲ ਲੱਗ ਰਿਹਾ ਹੈ, ਜੋ ਕਿ ਡਿਸਪੋਜ਼ਲ ਲਈ ਰੱਖਿਆ ਹੋਇਆ ਹੈ | ਜ਼ਿਆਦਾ ਸੜਿਆ ਹੋਣ ਕਰ ਕੇ ਇਸ ਦੀ ਪਹਿਚਾਣ ਨਹੀਂ ਹੋ ਪਾ ਰਹੀ ਇਸ ਵਿਚ ਕੈਪਸੂਲ, ਟੀਕੇ ਆਦਿ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਮੌਕੇ 'ਤੇ ਪਹੁੰਚੇ ਜ਼ਮੀਨ ਦੇ ਮਾਲਕ ਦਿਨੇਸ਼ ਬਾਂਸਲ ਦੀ ਸਟੇਟਮੈਂਟ ਲਿਖਣ ਤੋਂ ਬਾਅਦ ਰਿਪੋਰਟ ਹਾਈ ਅਥਾਰਿਟੀ ਨੂੰ ਭੇਜੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਜੋ ਵੀ ਅਗਲੀ ਕਾਰਵਾਈ ਹੋਵੇਗੀ, ਅਮਲ ਵਿਚ ਲਿਆਂਦੀ ਜਾਵੇਗੀ |