ਤਪਾ ਮੰਡੀ, 23 ਜਨਵਰੀ (ਪ੍ਰਵੀਨ ਗਰਗ)-ਪਿਛਲੇ ਕੁੱਝ ਦਿਨਾਂ ਤੋਂ ਠੰਢ ਦੇ ਘਟਣ ਕਾਰਨ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਸੀ, ਉੱਥੇ ਅੱਜ ਇਲਾਕੇ ਅੰਦਰ ਸਵੇਰ ਸਮੇਂ ਭਾਈ ਬਰਸਾਤ ਤੇ ਠੰਢੀਆਂ ਹਵਾਵਾਂ ਚੱਲਣ ਕਾਰਨ ਪਾਰਾ ਇਕਦਮ ਹੇਠਾਂ ਚਲਾ ਗਿਆ ਜਿਸ ਨੇ ਮੌਸਮ ਦਾ ਮਿਜ਼ਾਜ ਹੀ ਬਦਲ ਕੇ ਰੱਖ ਦਿੱਤਾ | ਉੱਧਰ ਦੂਜੇ ਪਾਸੇ ਬਰਸਾਤ ਕਾਰਨ ਪੂਰਾ ਸ਼ਹਿਰ ਜਲ ਥਲ ਹੋ ਗਿਆ ਅਤੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਦਕਿ ਦੂਜੇ ਪਾਸੇ ਬਰਸਾਤ ਕਾਰਨ ਬਸੰਤ ਪੰਚਮੀ ਦਾ ਤਿਉਹਾਰ ਵੀ ਮੱਧਮ ਪੈ ਗਿਆ, ਜਿਸ ਕਾਰਨ ਬੱਚਿਆਂ, ਨੌਜਵਾਨਾਂ ਦੇ ਚਿਹਰਿਆਂ 'ਤੇ ਮਾਯੂਸ ਦਿਖਾਈ ਦਿੱਤੀ | ਬੱਚੇ ਸਵੇਰ ਤੋਂ ਹੀ ਮੀਂਹ ਦੇ ਰੁਕਣ ਦਾ ਇੰਤਜ਼ਾਰ ਕਰਦੇ ਹੋਏ ਦਿਖਾਈ ਦਿੱਤੇ | ਜਦ ਪੱਤਰਕਾਰਾਂ ਦੀ ਟੀਮ ਨੇ ਸ਼ਹਿਰ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਸ਼ਹਿਰ ਦੀਆਂ ਗਲੀਆਂ ਪਾਣੀ ਨਾਲ ਭਰੀਆਂ ਹੋਈਆਂ ਸਨ ਅਤੇ ਜੋ ਗਲੀਆਂ ਨਿਰਮਾਣ ਅਧੀਨ ਸਨ, ਉਨ੍ਹਾਂ 'ਚ ਇੰਟਰਲਾਕ ਟਾਈਲ ਨਾ ਲੱਗਣ ਕਾਰਨ ਮਿੱਟੀ ਨੇ ਗਾਰੇ ਦਾ ਰੂਪ ਧਾਰਨ ਕਰ ਲਿਆ ਸੀ, ਜਿਸ ਕਾਰਨ ਦੋ ਪਹੀਆ ਵਾਹਨ ਫਿਸਲਦੇ ਹੋਏ ਦਿਖਾਈ ਦਿੱਤੇ | ਜਦ ਇਸ ਸਬੰਧੀ ਕੁੱਝ ਕਿਸਾਨਾਂ ਭਗਵੰਤ ਚੱਠਾ, ਜੱਸੀ ਚੱਠਾ, ਗੁਰਮੀਤ ਸਿੰਘ ਰੋਡ, ਜੀਵਨ ਅÏਜਲਾ, ਜੱਗਾ ਸਿੰਘ ਆਦਿ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਬਰਸਾਤ ਕਣਕ ਲਈ ਦੇਸੀ ਘਿਉ ਦਾ ਕੰਮ ਕਰੇਗੀ | ਸ਼ਹਿਰ ਦੀ ਅੰਦਰਲੀ ਅਨਾਜ ਮੰਡੀ ਵਿਚ ਠੇਕੇਦਾਰ ਦੀ ਅਣਗਹਿਲੀ ਦਾ ਖ਼ਮਿਆਜ਼ਾ ਆਉਣ ਜਾਣ ਵਾਲੇ ਲੋਕਾਂ ਨੂੰ ਭੁਗਤਣਾ ਪਿਆ, ਕਿਉਂਕਿ ਅੰਦਰਲੀ ਅਨਾਜ ਮੰਡੀ ਵਿਚ ਸੀਵਰੇਜ ਦੀ ਪਾਈਪ ਤੋਂ ਬਾਅਦ ਠੇਕੇਦਾਰ ਨੇ ਕੰਮ ਚਲਾਉਣਾ ਮੁਨਾਸਬ ਨਹੀਂ ਸਮਝਿਆ ਜਿਸ ਕਾਰਨ ਨੀਵੀਂਆਂ ਥਾਵਾਂ 'ਚ ਪਾਣੀ ਖੜ ਗਿਆ ਅਤੇ ਇੱਕ ਪਿਕਅਪ ਗੱਡੀ ਦਾ ਟਾਇਰ ਹੇਠਾਂ ਧਸ ਗਿਆ | ਨਜ਼ਦੀਕੀ ਦੁਕਾਨਦਾਰਾਂ ਨੇ ਨਗਰ ਕੌਂਸਲ ਅਤੇ ਸਬੰਧ ਠੇਕੇਦਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਸੜਕ ਦੀ ਸਾਰ ਜਲਦ ਲਈ ਜਾਵੇ |