ਸ਼ਹਿਣਾ, 23 ਜਨਵਰੀ (ਸੁਰੇਸ਼ ਗੋਗੀ)-ਪੰਜਾਬ ਦੇ ਲੋਕਾਂ ਨੂੰ ਪਿਛਲੇ ਚਾਰ ਸਾਲਾਂ ਵਿਚ ਭੈਅ ਮੁਕਤ ਕਰਨ ਵਿਚ ਸੂਬਾ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ | ਇਹ ਸ਼ਬਦ ਸਵ: ਪ੍ਰੀਤਮ ਸਿੰਘ ਸਾਹੋਕੇ ਸਾਬਕਾ ਵਿਧਾਇਕ ਦੇ ਪੋਤਰੇ ਅਤੇ ਸੂਬਾ ਕੁਆਰਡੀਨੇਟਰ ਐਸ.ਸੀ. ਸੈੱਲ ਕਾਂਗਰਸ ਅਮਨਦੀਪ ਸਿੰਘ ਸਾਹੋਕੇ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕਾਮੇਡੀ ਰਾਹੀਂ ਲੋਕਾਂ ਦਾ ਸਿਰਫ਼ ਮਨੋਰੰਜਨ ਕਰ ਰਹੇ ਹਨ | ਜਦਕਿ ਇਹ ਕਦੇ ਵੀ ਜ਼ਿਕਰ ਨਹੀਂ ਕਰਦੇ ਕਿ ਸਰਕਾਰ ਨੇ ਚਾਰ ਸਾਲਾਂ ਵਿਚ ਸੂਬੇ ਦੀ ਬਿਹਤਰੀ ਲਈ ਕੀ ਕੀਤਾ | ਅਮਨਦੀਪ ਸਿੰਘ ਸਾਹੋਕੇ ਨੇ ਕਿਹਾ ਕਿ ਸਕੂਲ ਵਿਚ ਪਿ੍ੰਸੀਪਲ ਤੇ ਲੈਕਚਰਾਰਾਂ ਦੀਆਂ ਪੋਸਟਾਂ ਵੱਡੀ ਪੱਧਰ 'ਤੇ ਖ਼ਾਲੀ ਹਨ | ਸਰਕਾਰ ਵਲੋਂ 16 ਮੈਡੀਕਲ ਕਾਲਜ ਬਣਾਉਣ ਦਾ ਵੀ ਐਲਾਨ ਕੀਤਾ ਸੀ ਪਰ ਐਲਾਨ ਨੂੰ ਬੂਰ ਨਹੀਂ ਪਿਆ | ਉਨ੍ਹਾਂ ਕਿਹਾ ਕਿ ਕਾਮੇਡੀ ਰਾਹੀਂ ਵਿਰੋਧੀ ਆਗੂਆਂ ਦੀ ਅਲੋਚਨਾ ਕਰਨਾ ਹੀ ਮੁੱਖ ਮੰਤਰੀ ਸਾਹਿਬ ਨੂੰ ਆਉਂਦਾ ਹੈ | ਪੰਜਾਬ ਵਿਚ ਨਸ਼ਿਆਂ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਲਗਾਤਾਰ ਵੱਧ ਰਹੀਆਂ ਹਨ | ਅਮਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਅਸਲੀ ਮੁੱਦੇ ਵਿਸਾਰ ਚੁੱਕੀ ਹੈ |