ਤਪਾ ਮੰਡੀ, 31 ਜਨਵਰੀ (ਵਿਜੇ ਸ਼ਰਮਾ)-ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਹਰ ਵਿਅਕਤੀ ਦਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬੀਮਾ ਕਾਰਡ ਬਣਾਏ ਜਾ ਰਹੇ ਹਨ ਜਿਸ ਤਹਿਤ ਹਰ ਵਿਅਕਤੀ ਨੂੰ 10 ਲੱਖ ਰੁਪਏ ਤੱਕ ਇਲਾਜ ਕਰਵਾਉਣ ਦਾ ਕੋਈ ਵੀ ਪੈਸਾ ਨਹੀਂ ਦੇਣਾ ਪਵੇਗਾ | ਇਸ ਸਬੰਧੀ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਦੇ ਕਾਰਡ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ | ਜਿਸ ਤਹਿਤ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਦਿੱਕਤ ਆਉਣ 'ਤੇ ਉਸ ਦਾ ਪੰਜਾਬ ਦੇ ਵੱਡੇ ਹਸਪਤਾਲਾਂ ਵਿਚ 10 ਲੱਖ ਦਾ ਇਲਾਜ ਮੁਫ਼ਤ ਹੋਵੇਗਾ | ਉਨ੍ਹਾਂ ਹਲਕਾ ਭਦੌੜ ਦੀ ਜਨਤਾ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਵਰਕਰ ਘਰ-ਘਰ ਜਾ ਕੇ ਤੁਹਾਨੂੰ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਦੀ ਸਲਿੱਪ ਦੇ ਰਹੇ ਨੇ ਜਿਸ ਨੂੰ ਤੁਸੀਂ ਸੀ.ਐਸ.ਸੀ. ਸੈਂਟਰ ਵਿਚ ਜਾ ਕੇ ਆਪਣੀ ਸਲਿਪ ਰਜਿਸਟ੍ਰੇਸ਼ਨ ਕਰਾਉਣੀ ਹੈ ਅਤੇ ਤੁਹਾਡਾ 10 ਲੱਖ ਸਕੀਮ ਵਾਲਾ ਕਾਰਡ ਬਣ ਕੇ ਘਰ ਆ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਵਿਚ ਇਹ ਸਕੀਮ ਅਜੇ ਤੱਕ ਚਾਲੂ ਨਹੀਂ ਹੋਈ ਪਰ ਸੂਬੇ ਦੇ ਮੁੱਖ ਮੰਤਰੀ ਵਲੋਂ ਪੰਜਾਬ ਦੇ ਲੋਕਾਂ ਨੂੰ ਚੰਗੀ ਸਿੱਖਿਆ ਅਤੇ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਜੋ ਉਪਰਾਲਾ ਕੀਤਾ ਗਿਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ 60 ਹਜ਼ਾਰ ਦੇ ਕਰੀਬ ਨੌਕਰੀਆਂ ਦਿੱਤੀਆਂ ਗਈਆਂ ਹਨ ਤਾਂ ਜੋ ਸੂਬੇ ਵਿਚੋਂ ਬੇਰੁਜ਼ਗਾਰੀ ਦਾ ਖ਼ਾਤਮਾ ਹੋ ਸਕੇ | ਇਸ ਮੌਕੇ ਪੀ.ਏ. ਹੈਰੀ ਧਾਲੀਵਾਲ, ਨਗਰ ਕੌਂਸਲ ਦੇ ਪ੍ਰਧਾਨ ਡਾਕਟਰ ਸੋਨਿਕਾ ਬਾਂਸਲ ਦੇ ਪਤੀ ਡਾਕਟਰ ਬਾਲ ਚੰਦ ਬਾਂਸਲ, ਅਰਵਿੰਦ ਰੰਗੀ, ਸਰਕਲ ਪ੍ਰਧਾਨ ਬਲਜੀਤ ਸਿੰਘ ਬਾਸੀ, ਗੁਰਵਿੰਦਰ ਸਿੰਘ ਬਾਸੀ, ਬੇਅੰਤ ਸਿੰਘ ਬਬਲੀ, ਦੀਪਕ ਕੁਮਾਰ ਆਦਿ ਹਾਜ਼ਰ ਸਨ |