ਮਹਿਲ ਕਲਾਂ, 6 ਮਾਰਚ (ਅਵਤਾਰ ਸਿੰਘ ਅਣਖੀ)-ਸਿਹਤ ਵਿਭਾਗ ਵਲੋਂ ਲੜਕੀਆਂ ਦਾ ਸਰਵਾਈਕਲ ਦੇ ਕੈਂਸਰ ਤੋਂ ਬਚਾਅ ਕਰਨ ਚਲਾਈ ਗਈ ਐਚ.ਪੀ.ਵੀ.ਵੈਕਸੀਨ ਮੁਹਿੰਮ ਦੀ ਸ਼ੁਰੂਆਤ ਸੀ.ਐਚ.ਸੀ ਮਹਿਲ ਕਲਾਂ ਵਿਖੇ ਅੱਜ ਕੀਤੀ ਗਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾ: ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਅÏਰਤਾਂ ਵਿਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹਰ ਸਾਲ ਬਹੁਤ ਮੌਤਾਂ ਦਾ ਕਾਰਨ ਬਣਦਾ ਹੈ | ਸਿਹਤ ਵਿਭਾਗ ਵਲੋਂ 14 ਸਾਲ ਦੀਆਂ ਲੜਕੀਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਭਵਿੱਖ ਵਿਚ ਉਨ੍ਹਾਂ ਦਾ ਸਰਵਾਈਕਲ ਕੈਂਸਰ ਤੋਂ ਬਚਾਅ ਕਰੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਡਾ: ਲਵਦੀਪ ਨੇ ਦੱਸਿਆ ਕਿ ਇਹ ਟੀਕਾਕਰਨ ਮੁਹਿੰਮ ਤਿੰਨ ਮਹੀਨਿਆਂ ਦੀ ਮਿਆਦ ਲਈ ਚਲਾਈ ਜਾਵੇਗੀ | ਇਸ ਤੋਂ ਬਾਅਦ ਐਚ.ਪੀ.ਵੀ ਵੈਕਸੀਨ ਨੂੰ ਰੂਟੀਨ ਟੀਕਾਕਰਨ ਵਿਚ ਸ਼ਾਮਿਲ ਕਰ ਲਿਆ ਜਾਵੇਗਾ | ਬਲਾਕ ਮਹਿਲ ਕਲਾਂ ਅਧੀਨ ਜਿੰਨੀਆਂ ਵੀ ਲੜਕੀਆਂ ਆਪਣੀ 14 ਸਾਲ ਉਮਰ ਪੂਰੀ ਕਰ ਚੁੱਕੀਆਂ ਹਨ ਅਤੇ 15 ਸਾਲ ਦੀਆਂ ਨਹੀਂ ਹੋਈਆਂ ਉਨ੍ਹਾਂ ਨੂੰ ਇਹ ਟੀਕਾਕਰਨ ਸਿਹਤ ਵਿਭਾਗ ਵਲੋਂ ਬਿਲਕੁਲ ਮੁਫ਼ਤ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਲੜਕੀਆਂ ਨੂੰ ਉਪਰੋਕਤ ਵੈਕਸੀਨ ਸਰਕਾਰੀ ਹਸਪਤਾਲਾਂ ਦੇ ਵਿਚੋਂ ਲਗਵਾਉਣ ਤਾਂ ਜੋ ਉਨ੍ਹਾਂ ਨੂੰ ਸਰਵਾਈਕਲ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਤੋਂ ਬਚਾਇਆ ਜਾ ਸਕੇ | ਉਨ੍ਹਾਂ ਨੇ ਦੱਸਿਆ ਕਿ ਹਿਊਮਨ ਪੈਪੀਲੋਮਾਵਾਇਰਸ (ਐਚ.ਪੀ.ਵੀ.) ਇਕ ਆਮ ਪਰ ਗੰਭੀਰ ਲਾਗ ਹੈ ਜੋ ਮੁੱਖ ਤੌਰ ਉੱਤੇ ਚਮੜੀ ਤੋਂ ਚਮੜੀ ਦੇ ਸੰਪਰਕ ਰਾਹੀਂ ਫੈਲਦੀ ਹੈ | ਕੁੱਝ ਉੱਚ-ਜੋਖਮ ਵਾਲੀਆਂ ਕਿਸਮਾਂ ਸਰਵਾਈਕਲ ਕੈਂਸਰ, ਗਲੇ ਦਾ ਕੈਂਸਰ, ਗੁਦਾ ਕੈਂਸਰ ਅਤੇ ਹੋਰ ਕੈਂਸਰਾਂ ਦਾ ਕਾਰਨ ਬਣ ਸਕਦੀਆਂ ਹਨ ਜੇਕਰ ਉਹ ਲੰਬੇ ਸਮੇਂ ਤੱਕ ਸਰੀਰ ਵਿਚ ਬਣੇ ਰਹਿੰਦੇ ਹਨ | ਇਸ ਦੌਰਾਨ ਬਲਾਕ ਐਜੂਕੇਟਰ ਸ਼ਿਵਾਨੀ ਅਰੋੜਾ ਨੇ ਦੱਸਿਆ ਕਿ (ਐਚ.ਪੀ.ਵੀ.) ਟੀਕੇ, ਜੋ ਕਿ (ਐਚ.ਪੀ.ਵੀ.) ਲਾਗ ਨੂੰ ਰੋਕਣ ਲਈ ਵਰਤੇ ਜਾਂਦੇ ਹਨ ਦੀ ਵਿਸ਼ਵ ਪੱਧਰ ਉੱਤੇ ਵਿਆਪਕ ਖੋਜ ਕੀਤੀ ਗਈ ਹੈ ਅਤੇ ਸਕਾਰਾਤਮਿਕ ਨਤੀਜੇ ਸਾਹਮਣੇ ਆਏ ਹਨ | ਉਨ੍ਹਾਂ ਕਿਹਾ ਸਿਹਤ ਮਾਹਿਰਾਂ ਦੇ ਅਨੁਸਾਰ, ਦੁਨੀਆ ਭਰ ਵਿਚ (ਐਚ.ਪੀ.ਵੀ.) ਟੀਕੇ ਦੀਆਂ 50 ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਗਈਆਂ ਹਨ | ਕਲੀਨਿਕਲ ਅਧਿਐਨਾਂ ਨੇ ਦਿਖਾਇਆ ਹੈ ਕਿ (ਐਚ.ਪੀ.ਵੀ.) ਟੀਕਾਕਰਨ ਸਰਵਾਈਕਲ ਕੈਂਸਰ ਨੂੰ ਰੋਕਣ ਵਿਚ ਬਹੁਤ ਪ੍ਰਭਾਵਸ਼ਾਲੀ ਹੈ | ਇਸ ਮੌਕੇ ਬਲਵਿੰਦਰ ਕੌਰ ਐਲ.ਐਚ.ਵੀ., ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਜਸਵੀਰ ਕੌਰ, ਮਲਟੀਪਰਪਜ਼ ਵਰਕਰ ਮੇਲ ਬੂਟਾ ਸਿੰਘ ਅਤੇ ਆਸ਼ਾ ਵਰਕਰਾਂ ਅਮਰਜੀਤ ਕੌਰ, ਸੁਖਵਿੰਦਰ ਕੌਰ ਅਤੇ ਵੀਰਪਾਲ ਹਾਜ਼ਰ ਸਨ |