ਤਪਾ ਮੰਡੀ, 6 ਮਾਰਚ (ਪ੍ਰਵੀਨ ਗਰਗ)-ਦਿੱਲੀ ਆਬਕਾਰੀ ਨੀਤੀ ਵਿਚ ਗੜਬੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਅਦਾਲਤ ਨੇ ਬਾਇੱਜ਼ਤ ਬਰੀ ਕਰ ਕੇ ਸੱਚ 'ਤੇ ਮੋਹਰ ਲਗਾ ਦਿੱਤੀ ਹੈ | ਇਹ ਪ੍ਰਗਟਾਵਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰ ਕੇ ਆਏ ਮਾਲਵਾ ਵੈਸਟ ਜੋਨ ਦੇ ਵਾਇਸ ਕੋਆਰਡੀਨੇਟਰ (ਨਸ਼ਾ ਮੁਕਤੀ ਮੋਰਚਾ) ਤੇ ਜ਼ਿਲ੍ਹਾ ਮੀਡੀਆ ਸੈਕਰੇਟਰੀ ਬਰਨਾਲਾ ਐਡਵੋਕੇਟ ਗੁਰਪ੍ਰੀਤ ਸਿੰਘ ਚੈਰੀ ਢਿਲਵਾਂ ਨੇ ਤਪਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਹੋਰ ਨੇਤਾਵਾਂ ਨੂੰ ਝੂਠੇ ਦੋਸ਼ਾਂ ਦੇ ਤਹਿਤ ਫਸਾਇਆ ਗਿਆ ਸੀ, ਜਿਸ ਕਾਰਨ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ, ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਲੰਬਾ ਸਮਾਂ ਜੇਲ੍ਹ ਵਿਚ ਰਹੇ | ਉਕਤ ਨੇਤਾਵਾਂ ਨੂੰ ਫਸਾਉਣ ਲਈ ਲੰਮੇ ਸਮੇਂ ਤੋਂ ਰਾਜਨੀਤੀ ਚੱਲ ਰਹੀ ਸੀ, ਪ੍ਰੰਤੂ ਹੁਣ ਮਾਨਯੋਗ ਅਦਾਲਤ ਨੇ 'ਆਪ' ਸੁਪਰੀਮੋ ਅਤੇ ਮਨੀਸ਼ ਸਿਸੋਦੀਆ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ | ਇਸ ਨਾਲ ਲੋਕਾਂ ਦਾ ਅਦਾਲਤ ਅਤੇ ਕਾਨੂੰਨ 'ਤੇ ਭਰੋਸਾ ਹੋਰ ਵਧਿਆ ਹੈ | ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸ ਤਰ੍ਹਾਂ ਦੀ ਗਿਰੀ ਹੋਈ ਰਾਜਨੀਤੀ ਨਹੀਂ ਕਰਨੀ ਚਾਹੀਦੀ | ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵਲੋਂ ਜ਼ਮੀਨੀ ਪੱਧਰ 'ਤੇ ਕੰਮ ਕਰਕੇ ਲੋਕਾਂ ਨੂੰ ਜੋੜਿਆ ਗਿਆ ਹੈ, ਉਸ ਤਰ੍ਹਾਂ ਕੰਮ ਕਰ ਕੇ ਰਾਜਨੀਤੀ ਚਮਕਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਕ ਇਮਾਨਦਾਰ ਪਾਰਟੀ ਹੈ, ਜੋ ਜਨਤਾ ਦੀ ਸੇਵਾ ਦੇ ਵਿਚ ਲੱਗੀ ਹੋਈ ਹੈ | ਜਿਸ ਕਾਰਨ ਅਦਾਲਤ ਵਲੋਂ ਵੀ ਉਨ੍ਹਾਂ ਦੇ ਨੇਤਾਵਾਂ ਨੂੰ ਬਾਇੱਜ਼ਤ ਬਰੀ ਕੀਤਾ ਗਿਆ |