ਸੰਗਰੂਰ, 3 ਅਪ੍ਰੈਲ (ਧੀਰਜ ਪਸੌਰੀਆ)-ਪਿੰਡਾਂ ਵਿੱਚ ਬਣਾਏ ਜਾ ਰਹੇ ਖੇਡ ਮੈਦਾਨਾਂ ਅਤੇ ਖੋਲੀਆਂ ਜਾ ਰਹੀਆਂ ਲਾਇਬ੍ਰੇਰੀਆਂ ਨਾਲ ਪਿੰਡਾਂ ਦੇ ਵਿਕਾਸ ਦਾ ਆਧਾਰ ਮਜ਼ਬੂਤ ਹੋਵੇਗਾ | ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਬੀਰ ਸਿੰਘ ਢੀਂਡਸਾ ਨੇ ਕਿਹਾ ਕਿ ਖੇਡ ਮੈਦਾਨ ਅਤੇ ਲਾਇਬ੍ਰੇਰੀਆਂ ਨੌਜਵਾਨਾਂ ਨੂੰ ਗਲਤ ਪਾਸੇ ਜਾਣ ਤੋਂ ਰੋਕਣ ਵਿੱਚ ਸਹਾਈ ਹੋਣਗੀਆਂ | ਕੀਤੇ ਜਾ ਰਹੇ ਵਿਕਾਸ ਕਾਰਜਾਂ ਨਾਲ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ | ਭਗਵੰਤ ਮਾਨ ਸਰਕਾਰ ਪੰਜਾਬ ਦਾ ਭਵਿੱਖ ਸੁਰੱਖਿਅਤ ਕਰਨ ਲਈ ਵਚਨਬੱਧ ਹੈ | ਇਹ ਸਰਕਾਰ ਪੰਜਾਬ ਦੀ ਪਹਿਲੀ ਸਰਕਾਰ ਹੈ ਜਿਸ ਨੇ ਸਿਹਤ ਅਤੇ ਸਿੱਖਿਆ ਸੇਵਾਵਾਂ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਹਨ | ਸਰਕਾਰ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਕਿੱਤਾ ਮੁਖੀ ਬਣਾਉਣ ਜਾ ਰਹੀ ਹੈ ਤਾਂ ਜੋ ਸਕੂਲਾਂ ਕਾਲਜਾਂ ਵਿੱਚੋਂ ਆਪਣੀ ਪੜ੍ਹਾਈ ਪੂਰੀ ਕਰ ਕੇ ਨਿਕਲਣ ਵਾਲੇ ਨੌਜਵਾਨਾਂ ਨੂੰ ਆਸਾਨੀ ਨਾਲ ਰੁਜ਼ਗਾਰ ਮਿਲ ਜਾਵੇ | ਸਰਕਾਰ ਨੌਜਵਾਨਾਂ ਨੂੰ ਇਸ ਹੱਦ ਤੱਕ ਕਾਬਲ ਬਣਾਉਣ ਜਾ ਰਹੀ ਹੈ ਤਾਂ ਜੋ ਉਹ ਦੂਜਿਆਂ ਨੂੰ ਰੁਜ਼ਗਾਰ ਦੇ ਸਕਣ | ਪੰਜਾਬ ਦੀ ਆਪ ਸਰਕਾਰ ਨੇ 2022 ਵਿੱਚ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਤਾਂ ਕੀਤਾ ਹੀ ਹੈ ਬਲਕਿ ਉਹ ਕੁਝ ਕਰ ਵਿਖਾਇਆ ਹੈ ਜਿਸ ਦਾ ਚੋਣ ਮੈਨੀਫੈਸਟੋ ਵਿੱਚ ਵੀ ਕੋਈ ਜ਼ਿਕਰ ਨਹੀਂ ਸੀ | ਇਹੀ ਕਾਰਨ ਹੈ ਕਿ ਪੰਜਾਬ ਵਾਸੀ ਸਰਕਾਰ ਦੀ ਚਾਰ ਸਾਲਾਂ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਉਹ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦਾ ਮਨ ਬਣਾ ਚੁੱਕੇ ਹਨ |