ਬਰਨਾਲਾ, 17 ਅਪ੍ਰੈਲ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਸਾਂਝੇ ਤੌਰ 'ਤੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਬਾਜਾਖਾਨਾ ਰੋਡ 'ਤੇ ਸਥਿਤ ਦਾਣਾ ਮੰਡੀ ਦੇ ਮੱੁਖ ਗੇਟ ਨੂੰ 2 ਘੰਟੇ ਜਾਮ ਕਰ ਕੇ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਗੁਰਨਾਮ ਸਿੰਘ ਠੀਕਰੀਵਾਲਾ, ਜਸਵੀਰ ਸਿੰਘ ਸੁਖਪੁਰਾ ਮੌੜ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਸ਼ੁਰੂ ਨਹੀਂ ਕਰਵਾਈ ਗਈ ਤੇ ਨਾ ਹੀ ਕੋਈ ਅਧਿਕਾਰੀ ਮੰਡੀਆਂ ਵਿਚ ਕਿਸਾਨਾਂ ਦੀ ਸਾਰ ਲੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਪੰਜਾਬ ਵਿਚ ਜ਼ਿਆਦਾ ਬਾਰਸ਼ ਅਤੇ ਗੜ੍ਹੇਮਾਰੀ ਹੋਣ ਕਾਰਨ ਕਣਕਾਂ ਦਾ ਬਹੁਤ ਨੁਕਸਾਨ ਹੋਇਆ ਹੈ ਜਿੱਥੇ ਜ਼ਿਆਦਾ ਗੜ੍ਹੇਮਾਰੀ ਹੋਈ ਹੈ ਉੱਥੇ ਤਾਂ ਕਿਸਾਨਾਂ ਦੇ ਘਰ ਨੂੰ ਖਾਣ ਵਾਸਤੇ ਵੀ ਕਣਕ ਹੋਣ ਦੀ ਉਮੀਦ ਨਹੀਂ ਹੈ ਪਰ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਗੜ੍ਹੇਮਾਰੀ ਅਤੇ ਬਾਰਸ਼ ਦੇ ਖ਼ਰਾਬ ਹੋਣ ਤੋਂ ਬਚ ਗਈ ਅਤੇ ਕਿਸਾਨਾਂ ਨੇ ਆਪਣੀ ਕਣਕ ਕਟਾਈ ਕਰ ਕੇ ਮੰਡੀ ਵਿਚ ਲਾਹ ਦਿੱਤੀ ਹੈ | ਉੱਥੇ ਸਰਕਾਰ ਵਲੋਂ ਕਣਕ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ | ਕਿਸਾਨ ਪਿਛਲੇ ਲਗਭਗ 15 ਦਿਨਾਂ ਤੋਂ ਮੰਡੀਆਂ ਵਿਚ ਰੁਲ ਰਿਹਾ ਹੈ | ਜਦਕਿ ਕਿਸਾਨਾਂ ਦੀ ਫ਼ਸਲ ਮੰਡੀ ਵਿਚ ਆਉਣ ਤੋਂ 24 ਘੰਟੇ ਅੰਦਰ ਵਿਕਣ ਦੇ ਵਾਅਦੇ ਕਰ ਕੇ 'ਆਪ' ਸਰਕਾਰ ਹੋਂਦ ਵਿਚ ਆਈ ਸੀ ਪਰ ਹੁਣ ਕਿਸਾਨਾਂ ਦੀਆਂ ਜਿਨਸਾਂ ਨੂੰ ਮੰਡੀਆਂ ਵਿਚ ਰੋਲਿਆ ਜਾ ਰਿਹਾ ਹੈ | ਆਗੂਆਂ ਮੰਗ ਕੀਤੀ ਕਿ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਜਾਵੇ | ਇਸ ਮੌਕੇ ਬੁਗਰ ਸਿੰਘ ਫਰਵਾਹੀ, ਇੰਦਰਪਾਲ ਸਿੰਘ, ਦਰਸ਼ਨ ਸਿੰਘ ਉਗੋਕੇ, ਜਗਸੀਰ ਸਿੰਘ, ਦਰਸ਼ਨ ਮਹਿਤਾ, ਰਜਿੰਦਰ ਸਿੰਘ ਦਰਾਕਾ ਤੋਂ ਇਲਾਵਾ ਕਿਸਾਨ ਹਾਜ਼ਰ ਸਨ |