ਬਰਨਾਲਾ, 23 ਅਪ੍ਰੈਲ (ਨਰਿੰਦਰ ਅਰੋੜਾ)-ਸਿਹਤ ਵਿਭਾਗ ਬਰਨਾਲਾ ਵਲੋਂ 30 ਅਪ੍ਰੈਲ ਤੱਕ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ: ਹਰੀਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਟੀਕਾਕਰਨ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ, ਅਪਾਹਜਤਾ ਅਤੇ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਤੋਂ ਬਚਾਉਂਦਾ ਹੈ | ਇਸ ਲਈ ਬੱਚੇ ਦੇ ਜਨਮ ਤੋਂ ਲੈ ਕੇ ਉਮਰ ਦੇ ਵੱਖ-ਵੱਖ ਪੜਾਵਾਂ 'ਤੇ ਸਿਹਤ ਵਿਭਾਗ ਦੀ ਟੀਕਾਕਰਨ ਸੂਚੀ ਅਨੁਸਾਰ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ | ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਹਰਜੀਤ ਸਿੰਘ ਨੇ ਦੱਸਿਆ ਕਿ ਭਾਰਤ ਵਿਚ ਟੀਕਾਕਰਨ ਨਾਲ ਪਹਿਲਾਂ ਚੇਚਕ ਅਤੇ ਫਿਰ ਹੁਣ ਪੋਲੀਓ ਵਰਗੀਆਂ ਮਾਰੂ ਬਿਮਾਰੀਆਂ ਨੂੰ ਖ਼ਤਮ ਕੀਤਾ ਗਿਆ ਹੈ | ਇਸ ਤਰ੍ਹਾਂ ਵੈਕਸੀਨ ਲਗਵਾਉਣ ਨਾਲ ਬਹੁਤ ਸਾਰੀਆਂ ਮਾਰੂ ਬਿਮਾਰੀਆਂ ਤੋਂ ਬੱਚਿਆਂ ਦਾ ਸਾਰੀ ਜ਼ਿੰਦਗੀ ਲਈ ਬਚਾਅ ਹੋ ਸਕਦਾ ਹੈ | ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵਿਸ਼ੇਸ਼ ਟੀਕਾਕਰਨ ਹਫ਼ਤਾ 30 ਅਪ੍ਰੈਲ ਤੱਕ ਸਪੈਸ਼ਲ ਕੈਂਪ ਲਗਾ ਕੇ ਮਨਾਇਆ ਜਾ ਰਿਹਾ ਹੈ ਅਤੇ ਟੀਮਾਂ ਵਲੋਂ ਝੁੱਗੀ-ਝੌਂਪੜੀ, ਸਲੱਮ ਅਤੇ ਅਰਬਨ ਏਰੀਏ ਵਿਚ ਘਰ-ਘਰ ਜਾ ਕੇ ਅਤੇ ਕੈਂਪ ਲਗਾ ਕੇ ਵਾਂਝੇ ਰਹਿ ਗਏ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ | ਸਿਹਤ ਵਿਭਾਗ ਬਰਨਾਲਾ ਵਲੋਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਕਰਵਾਉਣ ਤਾਂ ਜੋ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਸਾਰੀ ਜ਼ਿੰਦਗੀ ਲਈ ਬਚਾਇਆ ਜਾ ਸਕੇ |