ਬਰਨਾਲਾ, 25 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਦੇ ਮਸ਼ਹੂਰ ਸਿੱਖਿਆ ਸੰਸਥਾਨ ਆਰੀਆਭਟਾ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਵਿਦਿਆਰਥੀਆਂ ਦੀ ਕੈਰੀਅਰ ਉੱਨਤੀ ਅਤੇ ਵਿੱਤੀ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਮਿਤੀ 9 ਮਈ ਨੂੰ ਸਵੇਰੇ 11 ਵਜੇ ਇੱਕ ਵਿਸ਼ੇਸ਼ ਸੈਮੀਨਾਰ 'ਦਲਾਲ ਸਟਰੀਟ-ਸੀਕਰੇਟ ਆਫ਼ ਸਟਾਕ ਮਾਰਕੀਟ' ਦਾ ਆਯੋਜਨ ਕੀਤਾ ਜਾ ਰਿਹਾ ਹੈ | ਜਿਸ ਵਿਚ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀ, ਵੱਡੀ ਗਿਣਤੀ ਵਿਚ ਚਾਰਟਡ ਅਕਾਊਾਟੈਂਟਸ, ਬੈਂਕ ਮੈਨੇਜਰ ਅਤੇ ਸਟਾਕ ਮਾਰਕੀਟ ਵਿਚ ਰੁਚੀ ਰੱਖਣ ਵਾਲੇ ਲੋਕ ਸ਼ਿਰਕਤ ਕਰਨਗੇ | ਸੈਮੀਨਾਰ ਵਿਚ ਸਟਾਕ ਮਾਰਕੀਟ ਦੇ ਪ੍ਰਸਿੱਧ ਮਾਹਿਰ ਪਰਮਜੀਤ ਸਚਦੇਵਾ ਮੈਨੇਜਿੰਗ ਡਾਇਰੈਕਟਰ, ਸਚਦੇਵਾ ਸਟਾਕਸ ਪ੍ਰਾਈਵੇਟ ਲਿਮਟਿਡ (ਮੈਂਬਰ-ਨੈਸ਼ਨਲ ਸਟਾਕ ਐਕਸਚੇਂਜ ਅਤੇ ਬੰਬੇ ਸਟਾਕ ਐਕਸਚੇਂਜ) ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਣਗੇ | ਇਸ ਦੌਰਾਨ ਜਿੱਥੇ ਉਹ ਆਪਣੇ ਅਖ਼ਬਾਰ ਸੁੱਟਣ ਤੋਂ ਲੈ ਕੇ ਕਰੋੜਾਂ ਰੁਪਏ ਤੱਕ ਦੇ ਤੈਅ ਕੀਤੇ ਸਫ਼ਰ ਬਾਰੇ ਦੱਸਣਗੇ ਉੱਥੇ 35 ਵਰਿ੍ਹਆਂ ਦੇ ਤਜਰਬੇ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਸਟਾਕ ਮਾਰਕੀਟ ਦੇ ਅਸਲੀ ਤਜਰਬੇ, ਨਿਵੇਸ਼ ਦੇ ਤਰੀਕੇ, ਰਿਸਕ ਮੈਨੇਜਮੈਂਟ ਅਤੇ ਲੰਬੇ ਸਮੇਂ ਲਈ ਧਨ ਸਿਰਜਣ ਦੇ ਮੂਲ ਸਿਧਾਂਤਾਂ ਬਾਰੇ ਜਾਣੂ ਕਰਵਾਉਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰੀਆਭੱਟ ਕਾਲਜ ਦੇ ਚੇਅਰਮੈਨ ਇੰਜੀਨੀਅਰ ਰਾਕੇਸ਼ ਗੁਪਤਾ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਜੀਵ ਮੰਗਲਾ, ਵਿੱਕੀ ਸਿੰਗਲਾ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਮੰਗਲਾ, ਅਸ਼ਵਨੀ ਸਿੰਗਲਾ ਅਤੇ ਕਾਲਜ ਦੇ ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ ਨੇ ਦੱਸਿਆ ਕਿ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਥਿਊਰੀ ਤੱਕ ਸੀਮਿਤ ਨਾ ਰੱਖ ਕੇ ਉਨ੍ਹਾਂ ਨੂੰ ਪ੍ਰੈਕਟੀਕਲ ਨੋਲੇਜ ਨਾਲ ਜੋੜਨਾ ਹੈ ਤਾਂ ਜੋ ਉਹ ਅਸਲ ਜ਼ਿੰਦਗੀ ਵਿਚ ਫ਼ੈਸਲਾ ਲੈ ਸਕਣ | ਇਸ ਦੌਰਾਨ ਮਾਰਕੀਟ ਟਰੈਂਡਸ, ਚਾਰਟ ਐਨਾਲਿਸਸ, ਇਨਵੈਸਟਮੈਂਟ ਪਲਾਨਿੰਗ, ਡੇ-ਟਰੇਡਿੰਗ ਅਤੇ ਲੰਬੇ ਸਮੇਂ ਦੀ ਇਨਵੈਸਟਮੈਂਟ ਸਟਰੈਟੇਜੀਜ਼ ਵਰਗੇ ਵਿਸ਼ਿਆਂ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ | ਡੀਨ ਅਕੈਡਮਿਕਸ ਡਾ. ਭਾਵੇਤ ਗਰਗ, ਸੈਮੀਨਾਰ ਦੇ ਓਵਰਆਲ ਕੋਆਰਡੀਨੇਟਰ ਡਾ. ਜਸ਼ਨਜੋਤ, ਚਤਿੰਦਰ ਸਿੰਘ, ਵਿਜੇ ਕੁਮਾਰ, ਭਾਵੁਕਤਾ ਸ਼ਰਮਾ, ਰਜਨੀਸ਼ ਨਰੂਲਾ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਇਸ ਸੈਮੀਨਾਰ ਲਈ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਈਵੈਂਟ ਉਨ੍ਹਾਂ ਦੇ ਕੈਰੀਅਰ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ |