ਬਰਨਾਲਾ, 25 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਆਮ ਆਦਮੀ ਪਾਰਟੀ ਦੇ 10 ਵਿਚੋਂ 7 ਰਾਜ ਸਭਾ ਦੇ ਮੈਂਬਰਾਂ ਵਲੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਣਾ ਇਹ ਸਾਬਤ ਕਰ ਰਿਹਾ ਹੈ ਕਿ ਪੰਜਾਬ ਵਿਚ 'ਆਪ' ਵਿਚ ਦਾ ਪਤਨ ਸ਼ੁਰੂ ਹੋ ਗਿਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਭਾਜਪਾ ਆਗੂ ਅਤੇ ਵਰਕਰ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਰਾਜ ਸਭਾ ਮੈਂਬਰਾਂ ਦਾ ਖੁੱਲ੍ਹੀਆਂ ਬਾਂਹਾਂ ਕਰ ਕੇ ਸੁਆਗਤ ਕਰਦੇ ਹਾਂ | ਕੈਪਟਨ ਸਿੱਧੂ ਨੇ ਕਿਹਾ ਕਿ ਇਹ ਸਾਰੇ ਹੀ ਰਾਜ ਸਭਾ ਮੈਂਬਰ ਪੰਜਾਬ ਲਈ ਕੇਂਦਰ ਸਰਕਾਰ ਤੋਂ ਵੱਡੇ ਗੱਫੇ ਲੈ ਕੇ ਆਉਣਗੇ ਅਤੇ ਪੰਜਾਬ ਦੇ ਲੋਕਾਂ ਲਈ ਵਧੀਆ ਕੰਮ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਵਿਚ ਇਨ੍ਹਾਂ ਨੂੰ ਖੁੱਲ ਕੇ ਕੰਮ ਨਹੀਂ ਸੀ ਕਰਨ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਬਿਹਤਰੀ ਲਈ ਸੂਬੇ ਦੇ ਵੋਟਰਾਂ ਨੇ ਇਹ ਫ਼ੈਸਲਾ ਕਰ ਲਿਆ ਹੈ ਕਿ ਉਹ ਇਕ ਮੌਕਾ ਭਾਜਪਾ ਨੂੰ ਦੇਣਗੇ | 2027 ਵਿਚ ਭਾਜਪਾ ਦੇ ਹੱਕ ਵਿਚ ਵੱਡੀ ਹਨੇਰੀ ਚੱਲੇਗੀ ਅਤੇ ਪੰਜਾਬ ਵਿਚ ਸਰਕਾਰ ਭਾਜਪਾ ਦੀ ਬਣੇਗੀ | ਇਸ ਮੌਕੇ ਸੂਬੇਦਾਰ ਮੇਜਰ ਰਾਜ ਸਿੰਘ ਜ਼ਿਲ੍ਹਾ ਪ੍ਰਧਾਨ, ਸੂਬੇਦਾਰ ਕਮਲਜੀਤ ਸ਼ਰਮਾ, ਵਾਰੰਟ ਅਫ਼ਸਰ ਸ਼ਮਸ਼ੇਰ ਸਿੰਘ ਸੇਖੋਂ, ਸੂਬੇਦਾਰ ਸੌਦਾਗਰ ਸਿੰਘ, ਹੌਲਦਾਰ ਬਲਦੇਵ ਸਿੰਘ, ਹੌਲਦਾਰ ਰੂਪ ਸਿੰਘ ਮਹਿਤਾ, ਗੁਰਦੇਵ ਸਿੰਘ ਮੱਕੜ ਆਦਿ ਆਗੂ ਵੀ ਹਾਜ਼ਰ ਸਨ |